ਪਰਥ ਤੋਂ ਆਕਲੈਂਡ ਏਅਰਪੋਰਟ ‘ਤੇ ਪਹੁੰਚਣ ਵਾਲੇ ਯਾਤਰੀਆਂ ਦੇ ਲਈ ਇੱਕ ਚਿਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਪਰਥ ਤੋਂ ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਕਾਲੀ ਖੰਘ (whooping cough) ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਮਗਰੋਂ ਪਰਥ ਤੋਂ ਆਕਲੈਂਡ ਆਉਣ ਵਾਲੀ ਫਲਾਈਟ ਵਿੱਚ ਸਵਾਰ ਯਾਤਰੀਆਂ ਨੂੰ ਕਾਲੀ ਖੰਘ ਦੇ ਲੱਛਣਾਂ ਦੀ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ। Te Whatu Ora ਦੀ ਨੈਸ਼ਨਲ ਪਬਲਿਕ ਹੈਲਥ ਸਰਵਿਸ ਨੇ ਕਿਹਾ ਕਿ ਕਨੈਕਟ ਕਰਨ ਵਾਲੀ ਫਲਾਈਟ OD195 ‘ਤੇ, ਸੋਮਵਾਰ 28 ਅਗਸਤ ਨੂੰ ਪਹੁੰਚਣ ਵਾਲੇ ਯਾਤਰੀਆਂ ਦੇ ਲੱਛਣਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ।
ਕਾਲੀ ਖੰਘ ਦੇ ਸ਼ੁਰੂਆਤੀ ਲੱਛਣਾਂ ਵਿੱਚ ਆਮ ਤੌਰ ‘ਤੇ ਨੱਕ ਵਗਣਾ, ਬੁਖਾਰ ਅਤੇ ਖੰਘ ਸ਼ਾਮਿਲ ਹੁੰਦੀ ਹੈ। ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ 2-3 ਹਫ਼ਤਿਆਂ ਵਿੱਚ ਕਿਸੇ ਵੀ ਸਮੇਂ ਲੱਛਣਾਂ ਦਾ ਵਿਕਾਸ ਸ਼ੁਰੂ ਹੋ ਸਕਦਾ ਹੈ। ਗਰਭਵਤੀ ਔਰਤਾਂ ਤੇ ਬੱਚਿਆਂ ਲਈ ਇਹ ਬਿਮਾਰੀ ਕਾਫੀ ਘਾਤਕ ਸਾਬਿਤ ਹੋ ਸਕਦੀ ਹੈ। ਟੇ ਵਟੂ ਓਰਾ ਦਾ ਕਹਿਣਾ ਹੈ ਕਿ ਇਸ ਸਾਲ ਨਿਊਜ਼ੀਲੈਂਡ ਵਿੱਚ ਹੁਣ ਤੱਕ ਕਾਲੀ ਖੰਘ ਦੇ 69 ਮਾਮਲੇ ਸਾਹਮਣੇ ਆਏ ਹਨ, ਅਤੇ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ।