ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਵਿਸ਼ੇਸ਼ ਵੰਦੇ ਭਾਰਤ ਰੇਲਗੱਡੀ ਰਾਹੀਂ ਨਵੀਂ ਦਿੱਲੀ ਪਹੁੰਚ ਗਈਆਂ ਹਨ। ਇਸ ਰੇਲਗੱਡੀ ‘ਚ ਲਗਭਗ 300 ਲੋਕ ਸਫ਼ਰ ਕਰ ਰਹੇ ਸਨ। ਇਨ੍ਹਾਂ ਵਿੱਚ ਖਿਡਾਰੀ, ਤਕਨੀਕੀ ਟੀਮ, ਮੀਡੀਆ ਕਰਮਚਾਰੀ ਅਤੇ ਪ੍ਰੋਗਰਾਮ ਨਾਲ ਜੁੜੇ ਸਟਾਫ ਮੈਂਬਰ ਸ਼ਾਮਿਲ ਸਨ। ਬੀਸੀਸੀਆਈ ਵੱਲੋਂ ਟੀਮਾਂ ਨੂੰ ਧਰਮਸ਼ਾਲਾ ਤੋਂ ਹੁਸ਼ਿਆਰਪੁਰ ਰਾਹੀਂ ਜਲੰਧਰ ਰੇਲਵੇ ਸਟੇਸ਼ਨ ਸਖ਼ਤ ਸੁਰੱਖਿਆ ਹੇਠ ਲਿਜਾਇਆ ਗਿਆ।
ਜਿੱਥੋਂ ਵਿਸ਼ੇਸ਼ ਵੰਦੇ ਭਾਰਤ ਰੇਲਗੱਡੀ ਨਵੀਂ ਦਿੱਲੀ ਲਈ ਰਵਾਨਾ ਹੋਈ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਪੋਸਟ ਕੀਤਾ ਅਤੇ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ। 41 ਸਕਿੰਟ ਦੇ ਵੀਡੀਓ ਵਿੱਚ, ਸਪਿਨਰ ਕੁਲਦੀਪ ਯਾਦਵ ਨੂੰ ਬੀਸੀਸੀਆਈ ਅਤੇ ਭਾਰਤੀ ਰੇਲਵੇ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਦੇਖਿਆ ਗਿਆ। ਵੀਡੀਓ ਵਿੱਚ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਫਾਫ ਡੂ ਪਲੇਸਿਸ ਵੀ ਨਜ਼ਰ ਆਏ। ਵੀਡੀਓ ‘ਚ ਪ੍ਰੀਤੀ ਜ਼ਿੰਟਾ ਵੀ ਨਜ਼ਰ ਆ ਰਹੇ ਹਨ।
ਬੀਸੀਸੀਆਈ ਅਧਿਕਾਰੀਆਂ ਨੇ ਕਿਹਾ, ‘ਮੌਜੂਦਾ ਸਥਿਤੀ ਵਿੱਚ ਸੜਕ ਰਾਹੀਂ ਯਾਤਰਾ ਕਰਨ ਬਾਰੇ ਅਨਿਸ਼ਚਿਤਤਾ ਸੀ।’ ਇਸ ਲਈ ਵਿਸ਼ੇਸ਼ ਰੇਲਗੱਡੀ ਨੂੰ ਇੱਕ ਸੁਰੱਖਿਅਤ ਵਿਕਲਪ ਮੰਨਿਆ ਗਿਆ। ਸਾਰਿਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਕਾਰਨ ਕਰਕੇ, ਇਹ ਪ੍ਰਬੰਧ ਰਾਜ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਬੀਸੀਸੀਆਈ ਨੇ ਦੋ ਟੀਮਾਂ ਅਤੇ ਪ੍ਰਸਾਰਣ ਅਮਲੇ ਲਈ ਇੱਕ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਕੀਤਾ ਹੈ।