ਏਅਰ ਇੰਡੀਆ ਦੀ AI-171 ਉਡਾਣ ਵੀਰਵਾਰ ਦੁਪਹਿਰ 1:40 ਵਜੇ ਦੇ ਕਰੀਬ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਇਸ ਜਹਾਜ਼ ਹਾਦਸੇ ਵਿੱਚ 265 ਲੋਕਾਂ ਦੀ ਮੌਤ ਹੋ ਗਈ ਹੈ। ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਪੋਸਟ ਕਰਕੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿੱਚ ਸਵਾਰ 242 ਯਾਤਰੀਆਂ ਅਤੇ ਚਾਲਕ ਦਲ ਵਿੱਚੋਂ ਸਿਰਫ਼ ਇੱਕ ਵਿਅਕਤੀ ਬਚ ਸਕਿਆ ਹੈ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 8:30 ਵਜੇ ਅਹਿਮਦਾਬਾਦ ਹਵਾਈ ਅੱਡੇ ‘ਤੇ ਪਹੁੰਚੇ। ਇਸ ਤੋਂ ਬਾਅਦ, ਸਵੇਰੇ 9 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਨੇ ਮੌਕੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ।
ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਇੱਕ ਚੁਣੌਤੀ ਬਣੀ ਹੋਈ ਹੈ ਅਤੇ ਇਸ ਲਈ ਡੀਐਨਏ ਨਮੂਨੇ ਲਏ ਜਾ ਰਹੇ ਹਨ। 265 ਲਾਸ਼ਾਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ। ਜਹਾਜ਼ ਹਾਦਸੇ ਦੀ ਜਾਂਚ ਦੋ ਪੱਧਰਾਂ ‘ਤੇ ਸ਼ੁਰੂ ਹੋ ਗਈ ਹੈ, ਜਿਸ ਵਿੱਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਅਤੇ ਸਿਵਲ ਏਵੀਏਸ਼ਨ ਮੰਤਰਾਲੇ ਦੀ ਇੱਕ ਉੱਚ-ਪੱਧਰੀ ਕਮੇਟੀ ਸ਼ਾਮਿਲ ਹੈ। ਬਲੈਕ ਬਾਕਸ ਤੋਂ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਦੇਰ ਸ਼ਾਮ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਜਹਾਜ਼ ਵਿੱਚ 1.25 ਲੱਖ ਲੀਟਰ ਈਂਧਨ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ। ਸਾਰਿਆਂ ਨੂੰ ਕੱਢਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਡੀਐਨਏ ਸੈਂਪਲ ਲੈਣ ਦੀ ਪ੍ਰਕਿਰਿਆ ਵੀ ਜਲਦੀ ਹੀ ਪੂਰੀ ਕਰ ਲਈ ਜਾਵੇਗੀ। ਇਸ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਹੁਣ ਪੂਰਾ ਹੋ ਗਿਆ ਹੈ। ਇਹ ਜਹਾਜ਼ ਲੰਡਨ ਜਾ ਰਿਹਾ ਸੀ ਅਤੇ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ।