ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਹਾਲ ਹੀ ਵਿੱਚ ਆਰਮੀ ਵੂਮੈਨਜ਼ ਵੈਲਫੇਅਰ ਐਸੋਸੀਏਸ਼ਨ ਦੇ ਇੱਕ ਪ੍ਰੋਗਰਾਮ ਦਾ ਹਿੱਸਾ ਬਣੇ ਸੀ। ਉਨ੍ਹਾਂ ਨੇ ਨਾ ਸਿਰਫ਼ ਸਮਾਗਮ ਸਬੰਧੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ, ਸਗੋਂ ਸ਼ਹੀਦਾਂ ਦੀਆਂ ਪਤਨੀਆਂ ਲਈ ਸਹਾਇਤਾ ਵਜੋਂ 1 ਕਰੋੜ ਰੁਪਏ ਵੀ ਦਾਨ ਕੀਤੇ। ਪ੍ਰੀਤੀ ਜ਼ਿੰਟਾ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਪ੍ਰੋਗਰਾਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਲਿਖਿਆ, ਜਿਵੇਂ ਹੀ ਮੈਂ ਭਾਰਤੀ ਫੌਜ ਦੇ ਦੱਖਣੀ ਪੱਛਮੀ ਕਮਾਂਡ ਦੇ ਆਡੀਟੋਰੀਅਮ ਪਹੁੰਚੀ, ਮੈਂ ਹਰ ਜਗ੍ਹਾ ਫੌਜ ਦੇ ਅਧਿਕਾਰੀਆਂ ਅਤੇ ਸੈਨਿਕਾਂ ਦੇ ਪੋਸਟਰ ਦੇਖੇ ਜਿਨ੍ਹਾਂ ਨੇ ਬਹਾਦਰੀ ਪੁਰਸਕਾਰ ਜਿੱਤੇ ਹਨ। ਕੁਝ ਨੇ ਇਸ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਅਤੇ ਕੁਝ ਜੰਗ ਦੇ ਮੈਦਾਨ ਤੋਂ ਜ਼ਖ਼ਮਾਂ ਦੇ ਨਾਲ ਵਾਪਿਸ ਪਰਤੇ। ਇਹ ਪਤੀ, ਪੁੱਤਰ, ਭਰਾ ਅਤੇ ਪਿਤਾ ਸਨ। ਉਹ ਸਾਡੀਆਂ ਹਥਿਆਰਬੰਦ ਫੌਜਾਂ ਦਾ ਹਿੱਸਾ ਹਨ ਅਤੇ ਉਹ ਸਾਡੇ ਕੱਲ੍ਹ ਲਈ ਆਪਣਾ ਅੱਜ ਕੁਰਬਾਨ ਕਰ ਦਿੰਦੇ ਹਨ।
ਪ੍ਰੀਤੀ ਅੱਗੇ ਲਿਖਦੀ ਹੈ, ਅਸੀਂ ਉਨ੍ਹਾਂ ਨੂੰ ਕਦੇ ਨਹੀਂ ਜਾਣ ਸਕਾਂਗੇ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਕਦੇ ਨਹੀਂ ਸੁਣ ਸਕਣਗੇ, ਨਾ ਉਨ੍ਹਾਂ ਬਾਰੇ ਸੋਚ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਯਾਦ ਰੱਖ ਸਕਣਗੇ। ਹੋ ਸਕਦਾ ਹੈ ਕਿ ਅਸੀਂ ਗੱਲਬਾਤ ਵਿੱਚ ਉਨ੍ਹਾਂ ਦਾ ਜ਼ਿਕਰ ਕਰੀਏ, ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰੀਏ ਅਤੇ ਫਿਰ ਆਪਣੀ ਜ਼ਿੰਦਗੀ ਵਿੱਚ ਵਾਪਸ ਚਲੇ ਜਾਈਏ। ਇਹ ਦੁਖਦਾਈ ਸੱਚਾਈ ਉਦੋਂ ਹੋਰ ਵੀ ਦੁਖਦਾਈ ਹੁੰਦੀ ਹੈ ਜਦੋਂ ਮੈਂ ਸਮਾਗਮ ਵਿੱਚ ਪਹੁੰਚਦੀ ਹਾਂ ਅਤੇ ਆਪਣੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ ਸਮਾਗਮ ਵਿੱਚ ਮੈਂ ਉਨ੍ਹਾਂ ਔਰਤਾਂ ਨੂੰ ਮਿਲੀ ਜੋ ਇਨ੍ਹਾਂ ਆਦਮੀਆਂ ਨੂੰ ਹਰ ਦਿਨ ਅਤੇ ਹਰ ਪਲ ਯਾਦ ਕਰਦੀਆਂ ਹਨ। ਮੈਂ ਉਨ੍ਹਾਂ ਦੇ ਬੱਚਿਆਂ ਨੂੰ ਮਿਲੀ ਅਤੇ ਮੈਂ ਉਨ੍ਹਾਂ ਦੀਆਂ ਮੁਸਕਰਾਹਟਾਂ ਵੇਖੀਆਂ। ਨਾ ਕੋਈ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਹੰਝੂ। ਬਸ ਮਾਣ, ਤਾਕਤ ਅਤੇ ਕੁਰਬਾਨੀ ਸੀ।
ਅੰਤ ਵਿੱਚ ਪ੍ਰੀਤੀ ਨੇ ਲਿਖਿਆ, ਮੈਂ ਤੁਹਾਡੀ ਸੇਵਾ ਅਤੇ ਤੁਹਾਡੀ ਕੁਰਬਾਨੀ ਲਈ ਧੰਨਵਾਦ ਕਰਨ ਲਈ ਇੱਕ ਛੋਟਾ ਜਿਹਾ ਯੋਗਦਾਨ ਲੈ ਕੇ ਆਈ ਹਾਂ। ਮੈਂ ਚਾਹੁੰਦੀ ਸੀ ਕਿ ਉਹ ਜਾਣ ਲੈਣ ਕਿ ਉਨ੍ਹਾਂ ਨੂੰ ਭੁਲਾਇਆ ਨਹੀਂ ਗਿਆ ਹੈ ਅਤੇ ਅਸੀਂ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਾਂਗੇ। ਮੈਨੂੰ ਪਤਾ ਹੈ ਕਿ ਮੇਰਾ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ ਜਦੋਂ ਤੱਕ ਅਜਿਹੇ ਹੀਰੋ ਸਾਡੀ ਰੱਖਿਆ ਕਰ ਰਹੇ ਹਨ। ਮੈਂ ਆਪਣਾ ਹਿੱਸਾ ਨਿਭਾਇਆ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਕਿਸੇ ਤਰ੍ਹਾਂ ਸਾਡੇ ਫੌਜੀ ਪਰਿਵਾਰਾਂ ਦੀ ਫੰਡਿੰਗ ਵਿੱਚ ਯੋਗਦਾਨ ਪਾ ਸਕਦੇ ਹੋ।