ਆਈਪੀਐਲ 2025 ਦੇ 49ਵੇਂ ਮੈਚ ‘ਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਦੀ ਜਿੱਤ ਦੇ ਹੀਰੋ ਲੈੱਗ ਸਪਿਨਰ ਯੁਜਵੇਂਦਰ ਚਾਹਲ ਅਤੇ ਕਪਤਾਨ ਸ਼੍ਰੇਅਸ ਅਈਅਰ ਸਨ। ਚਹਿਲ ਨੇ ਗੇਂਦਬਾਜ਼ੀ ਵਿੱਚ ਹੈਟ੍ਰਿਕ ਲੈ ਕੇ ਕਮਾਲ ਕੀਤਾ ਅਤੇ ਫਿਰ ਅਈਅਰ ਨੇ ਚੇਨਈ ਦੇ ਗੇਂਦਬਾਜ਼ਾਂ ਨੂੰ ਬੱਲੇ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ, ਚੇਨਈ ਆਈਪੀਐਲ 2025 ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਚੇਪੌਕ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਚੇਨਈ ਸੁਪਰ ਕਿੰਗਜ਼ ਨੇ ਸੈਮ ਕੁਰਨ ਦੀ 88 ਦੌੜਾਂ ਦੀ ਪਾਰੀ ਦੀ ਬਦੌਲਤ 190 ਦੌੜਾਂ ਬਣਾਈਆਂ ਸਨ। ਜਵਾਬ ਵਿੱਚ, ਪੰਜਾਬ ਕਿੰਗਜ਼ ਨੇ ਆਖਰੀ ਓਵਰ ਵਿੱਚ ਟੀਚੇ ਦਾ ਪਿੱਛਾ ਕੀਤਾ। ਪੰਜਾਬ ਲਈ ਕਪਤਾਨ ਸ਼੍ਰੇਅਸ ਅਈਅਰ ਨੇ 41 ਗੇਂਦਾਂ ਵਿੱਚ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਵੀ ਅਰਧ ਸੈਂਕੜਾ ਲਗਾਇਆ। ਲਗਾਤਾਰ ਦੂਜੀ ਵਾਰ, ਚੇਨਈ ਸੁਪਰ ਕਿੰਗਜ਼ ਦੀ ਟੀਮ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ।
ਚੇਨਈ ਵੱਲੋਂ ਦਿੱਤੇ ਗਏ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਸ਼ੁਰੂਆਤ ਚੰਗੀ ਰਹੀ। ਪੰਜਾਬ ਦੀ ਪਹਿਲੀ ਵਿਕਟ 5ਵੇਂ ਓਵਰ ਵਿੱਚ 44 ਦੇ ਕੁੱਲ ਸਕੋਰ ‘ਤੇ ਡਿੱਗੀ। ਪ੍ਰਿਯਾਂਸ਼ ਆਰੀਆ 15 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ, ਪ੍ਰਭਸਿਮਰਨ ਸਿੰਘ ਅਤੇ ਸ਼੍ਰੇਅਸ ਅਈਅਰ ਨੇ ਚੇਨਈ ਦੇ ਗੇਂਦਬਾਜ਼ਾਂ ਨੂੰ ਆੜੇ ਹੱਥੀਂ ਲਿਆ। ਦੋਵਾਂ ਨੇ ਮੈਦਾਨ ਦੇ ਆਲੇ-ਦੁਆਲੇ ਖੁੱਲ੍ਹ ਕੇ ਸ਼ਾਟ ਖੇਡੇ।