ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਬੁੱਧਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵੱਲੋਂ ਹੋਈਆਂ ਭੁੱਲਾਂ ਲਈ ਮੁਆਫ਼ੀ ਮੰਗੀ। ਇਸ ਮਗਰੋਂ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਉਨ੍ਹਾਂ ਦੇ ਪ੍ਰਚਾਰ ਤੋਂ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਖਿਮਾ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਨੂੰ ਅਗਾਂਹ ਤੋਂ ਸਿੱਖ ਰਹਿਤ ਮਰਿਆਦਾ, ਪੰਥਕ ਰਵਾਇਤਾਂ ਤੇ ਪਰੰਪਰਾਵਾਂ ਅਨੁਸਾਰ ਸਿੱਖੀ ਪ੍ਰਚਾਰ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਗੁਰੂ ਦੇ ਸਰੋਵਰਾਂ ਵਿਰੁੱਧ ਕੋਈ ਬਿਆਨੀ ਨਾ ਕੀਤੀ ਜਾਵੇ, ਸਾਖੀਆਂ ਤੇ ਗੁਰ ਇਤਿਹਾਸ ਸੁਣਾਇਆ ਜਾਵੇ, ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਕਰਨ ਦੇ ਉਪਰਾਲੇ ਕੀਤੇ ਜਾਣ, ਕਿਸੇ ਜਥੇਬੰਦੀ ਖ਼ਿਲਾਫ਼ ਨਿੱਜੀ ਟਿਪਣੀਆਂ ਨਾ ਕੀਤੀਆਂ ਜਾਣ।
ਇਸ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਫ਼ਸੀਲ ਅੱਗੇ ਖੜ੍ਹ ਕੇ ਇਹ ਗੱਲਾਂ ਪ੍ਰਵਾਨ ਕੀਤੀਆਂ। ਇਸ ਉਪਰੰਤ ਪੰਜ ਸਿੰਘ ਸਾਹਿਬਾਨਾਂ ਵੱਲੋਂ ਰਣਜੀਤ ਸਿੰਘ ਵੱਲੋਂ ਪ੍ਰਚਾਰ ਕੀਤੇ ਜਾਣ ‘ਤੇ ਲੱਗੀ ਰੋਕ ਹਟਾ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 501 ਰੁਪਏ ਦੀ ਦੇਗ ਕਰਵਾ ਕੇ ਸੀਸ ਨਿਵਾ ਕੇ ਜਾਣ ਲਈ ਆਖ਼ ਦਿੱਤਾ ਗਿਆ।