ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਨਿਊਜ਼ੀਲੈਂਡ ਦੇ ਰੋਟੋਰੂਆ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਸ਼ੁਭਕਰਮਨ ਸਿੰਘ ਦੀ ਮੌਤ ਹੋ ਗਈ ਹੈ। ਹਾਦਸੇ ਦੌਰਾਨ ਉਸਦਾ ਮਾਸੂਮ ਪੁੱਤਰ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਭਕਰਮਨ ਲਗਭਗ 15 ਸਾਲ ਪਹਿਲਾਂ ਚੰਗੇ ਭਵਿੱਖ ਦੀ ਖੋਜ ਵਿੱਚ ਨਿਊਜ਼ੀਲੈਂਡ ਗਿਆ ਸੀ, ਜਿੱਥੇ ਉਸ ਨੇ ਘਰ ਬਸਾਇਆ ਅਤੇ ਪਰਿਵਾਰ ਸਮੇਤ ਵਧੀਆ ਜੀਵਨ ਵਤੀਤ ਕਰ ਰਿਹਾ ਸੀ। ਪਰ ਅਚਾਨਕ ਵਾਪਰੇ ਹਾਦਸੇ ਨੇ ਪਰਿਵਾਰ ਦੀ ਦੁਨੀਆ ਹੀ ਉਜਾੜ ਦਿੱਤੀ।
ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਸ਼ੁਭਕਰਮਨ ਪੰਜਾਬ ਆਇਆ ਸੀ ਅਤੇ ਰਵਾਨਗੀ ਵੇਲੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਵੀ ਨਿਊਜ਼ੀਲੈਂਡ ਲੈ ਜਾਵੇਗਾ ਤਾਂ ਜੋ ਸਾਰਾ ਪਰਿਵਾਰ ਇਕੱਠਾ ਰਹਿ ਸਕੇ। ਪਰ ਹੁਣ ਪੁੱਤ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਦੀ ਦੁਨੀਆਂ ਹੀ ਉਜਾੜ ਦਿੱਤੀ ਹੈ। ਪਿਤਾ ਨੇ ਦੱਸਿਆ ਕਿ ਦੇਹ ਭਾਰਤ ਲਿਆਉਣ ਵਿੱਚ ਸਮਾਂ ਲੱਗਣ ਕਾਰਨ ਉਹ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤ ਦਾ ਅੰਤਿਮ ਸਸਕਾਰ ਕਰਨਗੇ। ਮ੍ਰਿਤਕ ਤਰਨਤਾਰਨ ਦੇ ਪਿੰਡ ਭਰੋਵਾਲ ਦਾ ਰਹਿਣ ਵਾਲਾ ਸੀ।