ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਦੇ ਵੱਲੋਂ ਅੱਜ ਰਾਤ ਆਪਣੇ ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦੀ ਜਾਂਚ ਕੀਤੀ ਜਾਵੇਗੀ। ਜਦੋਂ ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦਾ ਦੇਸ਼-ਵਿਆਪੀ ਟੈਸਟ ਹੋਵੇਗਾ ਤਾਂ ਇਸ ਦੌਰਾਨ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਅੱਜ ਰਾਤ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ ‘ਤੇ ਇੱਕ ਚਿਤਾਵਨੀ ਵਾਲਾ ਸੁਨੇਹਾ ਮਿਲ ਸਕਦਾ ਹੈ। ਇਹ ਟੈਸਟ ਸਿਸਟਮਾਂ, ਸੈੱਲ ਟਾਵਰਾਂ ਅਤੇ ਮੋਬਾਈਲ ਉਪਕਰਣਾਂ ਦੀ ਐਮਰਜੈਂਸੀ ਚਿਤਾਵਨੀ ਪ੍ਰਾਪਤ ਕਰਨ ਦੀ ਯੋਗਤਾ ਦੀ ਜਾਂਚ ਕਰਨ ਲਈ ਤਿਆਰ ਕੀਤਾ ਗਿਆ ਹੈ।
NEMA ਆਸ ਕਰਦਾ ਹੈ ਕਿ ਟੈਸਟ ਪੂਰੇ Aotearoa ਵਿੱਚ ਪੰਜ ਮਿਲੀਅਨ ਤੋਂ ਵੱਧ ਫੋਨਾਂ ‘ਤੇ ਸ਼ੁਰੂ ਹੋ ਜਾਵੇਗਾ। ਐਮਰਜੈਂਸੀ ਮੈਨੇਜਮੈਂਟ ਮੰਤਰੀ ਕੀਰਨ ਮੈਕਐਨਲਟੀ ਨੇ ਕਿਹਾ ਕਿ ਇਹ ਇੱਕ ਅਜਿਹਾ ਸਾਧਨ ਹੈ ਜੋ ਲੋਕਾਂ ਨੂੰ ਅਲਰਟ ਕਰ ਸਕਦਾ ਹੈ ਜਦੋਂ ਉਨ੍ਹਾਂ ਦੀ ਜ਼ਿੰਦਗੀ, ਸਿਹਤ ਜਾਂ ਜਾਇਦਾਦ ਨੂੰ ਖ਼ਤਰਾ ਹੋਵੇ। ਉਨ੍ਹਾਂ ਕਿਹਾ ਕਿ “ਜੇ ਤੁਹਾਨੂੰ ਕੋਈ ਚੇਤਾਵਨੀ ਮਿਲਦੀ ਹੈ, ਤਾਂ ਰੁਕੋ ਅਤੇ ਸੰਦੇਸ਼ ਨੂੰ ਪੜ੍ਹੋ, ਅਤੇ ਇਸਨੂੰ ਗੰਭੀਰਤਾ ਨਾਲ ਲਓ। ਇਹ ਤੁਹਾਨੂੰ ਦੱਸੇਗਾ ਕਿ ਐਮਰਜੈਂਸੀ ਕੀ ਹੈ ਅਤੇ ਕੀ ਕਰਨਾ ਹੈ। ਇਹ ਤੁਹਾਨੂੰ ਇਹ ਵੀ ਦੱਸੇਗਾ ਕਿ ਕਿਹੜੀ ਏਜੰਸੀ ਨੇ ਸੰਦੇਸ਼ ਭੇਜਿਆ ਹੈ ਅਤੇ, ਜੇ ਲੋੜ ਪਈ ਤਾਂ ਕਿੱਥੇ ਜਾਣਾ ਹੈ। ਹੋਰ ਜਾਣਕਾਰੀ।” ਦੱਸ ਦੇਈਏ ਕਿ ਅੱਜ ਰਾਤ ਦਾ ਟੈਸਟ ਪੰਜਵਾਂ ਸਾਲਾਨਾ ਟੈਸਟ ਹੈ ਅਤੇ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਇਹ ਟੈਸਟ ਹੋਵੇਗਾ।