ਗ੍ਰੀਸ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਸ ‘ਚ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ। ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਉੱਤਰੀ ਗ੍ਰੀਸ ਵਿੱਚ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ‘ਚ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 85 ਲੋਕ ਜ਼ਖਮੀ ਹੋਏ ਹਨ। ਫਿਲਹਾਲ ਲੋਕਾਂ ਨੂੰ ਬਚਾਉਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਿਕ ਏਥਨਜ਼ ਤੋਂ ਕਰੀਬ 380 ਕਿਲੋਮੀਟਰ ਉੱਤਰ ਵਿਚ ਟੈਂਪੇ ਨੇੜੇ ਹਾਦਸੇ ਤੋਂ ਬਾਅਦ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਘੱਟੋ-ਘੱਟ ਤਿੰਨ ਨੂੰ ਅੱਗ ਲੱਗ ਗਈ। ਨੇੜਲੇ ਸ਼ਹਿਰ ਲਾਰੀਸਾ ਦੇ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 25 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਮੀਡੀਆ ਰਿਪੋਰਟ ਮੁਤਾਬਿਕ ਇਹ ਹਾਦਸਾ ਕਿਸ ਦੀ ਗਲਤੀ ਕਾਰਨ ਵਾਪਰਿਆ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਰਿਪੋਰਟ ਮੁਤਾਬਿਕ ਗ੍ਰੀਸ ਦੇ ਥੇਸਾਲੀ ਖੇਤਰ ਦੇ ਗਵਰਨਰ ਨੇ ਦੱਸਿਆ ਕਿ ਇੱਕ ਯਾਤਰੀ ਰੇਲਗੱਡੀ ਏਥਨਜ਼ ਤੋਂ ਉੱਤਰੀ ਸ਼ਹਿਰ ਥੇਸਾਲੋਨੀਕੀ ਜਾ ਰਹੀ ਸੀ, ਜਦੋਂ ਕਿ ਮਾਲ ਗੱਡੀ ਥੈਸਾਲੋਨੀਕੀ ਤੋਂ ਲਾਰੀਸਾ ਆ ਰਹੀ ਸੀ। ਇਸ ਦੇ ਦੌਰਾਨ ਹੀ ਲਾਰੀਸਾ ਸ਼ਹਿਰ ਦੇ ਸਾਹਮਣੇ ਵੀ ਇਨ੍ਹਾਂ ਦੋਵਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਸੀ। ਫਿਲਹਾਲ 250 ਯਾਤਰੀਆਂ ਨੂੰ ਟਰੇਨ ‘ਚੋਂ ਸੁਰੱਖਿਅਤ ਕੱਢ ਕੇ ਬੱਸਾਂ ‘ਚ ਥੇਸਾਲੋਨੀਕੀ ਸ਼ਹਿਰ ਭੇਜ ਦਿੱਤਾ ਗਿਆ ਹੈ।
ਫਾਇਰ ਸਰਵਿਸ ਦੇ ਬੁਲਾਰੇ ਵੈਸਿਲਿਸ ਵਾਰਥਕੋਯਾਨਿਸ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ, ਹਾਲਾਂਕਿ ਇਸ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਗ ਦੇ ਪੀੜਤਾਂ ਦੇ ਇਲਾਜ ਲਈ ਇਲਾਕੇ ਦੇ ਹਸਪਤਾਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਵਿੱਚ ਦਰਜਨਾਂ ਐਂਬੂਲੈਂਸਾਂ ਸ਼ਾਮਿਲ ਹਨ।