ਸੋਮਵਾਰ (26 ਮਈ) ਰਾਤ ਨੂੰ ਯੂਕੇ ਦੇ ਸ਼ਹਿਰ ਲਿਵਰਪੂਲ ਵਿੱਚ ਖੁਸ਼ੀ ਦਾ ਮਾਹੌਲ ਸੀ। ਪ੍ਰੀਮੀਅਰ ਲੀਗ ਜਿੱਤਣ ਤੋਂ ਬਾਅਦ, ਟੀਮ ਅਤੇ ਸਟਾਫ਼ ਇੱਕ ਖੁੱਲ੍ਹੀ ਬੱਸ ਵਿੱਚ ਸ਼ਹਿਰ ਦੇ ਵਿਚਕਾਰ ਇੱਕ ਵਿਕਟਰੀ ਪਰੇਡ ਕੱਢ ਰਹੇ ਸਨ। ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਸੜਕ ਕਿਨਾਰੇ ਇਕੱਠੇ ਹੋਏ ਸਨ, ਪਰ ਜਸ਼ਨ ਦਾ ਇਹ ਦ੍ਰਿਸ਼ ਅਚਾਨਕ ਸੋਗ ਵਿੱਚ ਬਦਲ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਭੀੜ ‘ਚ ਆ ਵੱਜੀ। ਇਸ ਘਟਨਾ ਵਿੱਚ ਕੁੱਲ 50 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਿਲ ਹਨ। ਮਰਸੀਸਾਈਡ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਦੀ ਪਛਾਣ 53 ਸਾਲਾ ਗੋਰੇ ਬ੍ਰਿਟਿਸ਼ ਵਿਅਕਤੀ ਵਜੋਂ ਹੋਈ ਹੈ।
ਮਰਸੀਸਾਈਡ ਪੁਲਿਸ ਦੇ ਅਨੁਸਾਰ, ਇਹ ਘਟਨਾ ਅੱਤਵਾਦ ਨਾਲ ਸਬੰਧਿਤ ਨਹੀਂ ਹੈ। ਕਾਂਸਟੇਬਲ ਜੈਨੀ ਸਿਮਸ ਨੇ ਇਸ ਮਾਮਲੇ ‘ਤੇ ਕਿਹਾ “ਅਸੀਂ ਇਸ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਾਂ।” ਇਸ ਨੂੰ ਅੱਤਵਾਦ ਵਜੋਂ ਨਹੀਂ ਦੇਖਿਆ ਜਾ ਰਿਹਾ। ਪੁਲਿਸ ਨੇ ਅੱਗੇ ਕਿਹਾ ਕਿ ਇਹ ਮਾਮਲਾ ਸੜਕ ਹਾਦਸੇ ਨਾਲ ਸਬੰਧਿਤ ਹੈ। ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜੀਂਦੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਸਬੰਧਿਤ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੀ ਕਾਰ ਭੀੜ ਵਿੱਚ ਦਾਖਲ ਹੁੰਦੀ ਹੈ ਅਤੇ ਲੋਕਾਂ ਨੂੰ ਧੱਕਾ ਦਿੰਦੀ ਹੋਈ ਅੱਗੇ ਵਧਦੀ ਹੈ। ਇਸ ਦੌਰਾਨ ਕਈ ਲੋਕ ਕਾਰ ਹੇਠਾਂ ਕੁਚਲੇ ਜਾਂਦੇ ਹਨ।