ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਏ ਤਣਾਅ ਦੌਰਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਪਣੇ ਘਰ ‘ਤੇ ਪਾਕਿਸਤਾਨੀ ਡਰੋਨ ਹਮਲੇ ਵਿੱਚ ਜ਼ਖਮੀ ਹੋਈ ਸੁਖਵਿੰਦਰ ਕੌਰ ਦੀ ਮੰਗਲਵਾਰ (13 ਮਈ) ਨੂੰ ਮੌਤ ਹੋ ਗਈ। ਡਰੋਨ ਹਮਲੇ ਤੋਂ ਬਾਅਦ, ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ ਪਰ ਅੱਜ ਉਸਨੇ ਆਖਰੀ ਸਾਹ ਲਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ, “ਬੀਤੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਖਾਈ ਫ਼ੇਮੇ ਕੀ ਦਾ ਪਰਿਵਾਰ ਪਾਕਿਸਤਾਨੀ ਡਰੋਨ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਅੱਜ ਹਸਪਤਾਲ ‘ਚ ਇਲਾਜ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਮਾਪੀ ਨਹੀਂ ਜਾ ਸਕਦੀ। ਪਰਿਵਾਰ ਨੂੰ 10 ਲੱਖ ਰੁਪਏ ਦੀ (5 ਲੱਖ ਮੁੱਖ ਮੰਤਰੀ ਰੀਲੀਫ ਫੰਡ ‘ਚੋਂ ਅਤੇ 5 ਲੱਖ MP ਸੰਜੀਵ ਅਰੋੜਾ ਜੀ ਵਲੋਂ) ਆਰਥਿਕ ਸਹਾਇਤਾ ਦਿੱਤੀ ਜਾਵੇਗੀ।”