ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਰਫ਼ਤਾਰ ਹੁਣ ਮੱਠੀ ਪੈ ਰਹੀ ਹੈ, ਜਿਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਹੁਣ ਦੁਬਈ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਦੁਬਈ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਦੁਬਈ ਨੇ ਮੰਗਲਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਭਾਰਤੀ ਯਾਤਰੀਆਂ ਲਈ ਯੂਏਈ ਜਾਣ ਤੋਂ ਪਹਿਲਾਂ ਭਾਰਤੀ ਏਅਰਪੋਰਟ ‘ਤੇ ਰੈਪਿਡ ਆਰਟੀ ਪੀਸੀਆਰ ਟੈਸਟ ਦੀ ਲੋੜ ਨੂੰ ਹਟਾ ਦਿੱਤਾ ਹੈ।
ਦੁਬਈ ਏਅਰਪੋਰਟ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਵਿੱਚ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਯਾਤਰੀਆਂ ਲਈ ਯਾਤਰਾ ਦੀਆਂ ਲੋੜਾਂ ਨੂੰ ਅਪਡੇਟ ਕੀਤਾ ਹੈ। ਦੁਬਈ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਰਵਾਨਗੀ ਤੋਂ ਪਹਿਲਾਂ ਹਵਾਈ ਅੱਡੇ ‘ਤੇ ਰੈਪਿਡ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਨਹੀਂ ਪਵੇਗੀ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ ਅਤੇ ਭਾਰਤ ਦੇ ਯਾਤਰੀਆਂ ਨੂੰ ਹੁਣ ਯਾਤਰਾ ਦੇ ਸਮੇਂ ਤੋਂ 48 ਘੰਟੇ ਪਹਿਲਾਂ ਕਰਵਾਏ ਗਏ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ, ਇਸ ਤੋਂ ਇਲਾਵਾ ਯਾਤਰੀਆਂ ਨੂੰ ਦੁਬਈ ਪਹੁੰਚਣ ‘ਤੇ ਆਰਟੀ-ਪੀਸੀਆਰ ਟੈਸਟਿੰਗ ਕਰਵਾਉਣੀ ਪਵੇਗੀ ਅਤੇ ਨੈਗੇਟਿਵ ਟੈਸਟ ਦੀ ਰਿਪੋਰਟ ਜਾਰੀ ਹੋਣ ਤੱਕ ਸੈਲਫ-ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ ਪਰ ਜੇਕਰ ਕਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਦੁਬਈ ਵਿੱਚ ਸਬੰਧਤ ਸਿਹਤ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨੀ ਪਵੇਗੀ।
ਟਰਾਂਜ਼ਿਟ ਯਾਤਰੀਆਂ ਲਈ ਅੰਤਿਮ ਮੰਜ਼ਿਲ ‘ਤੇ ਐਂਟਰੀ ਨੂੰ ਨਿਯੰਤਰਿਤ ਕਰਨ ਵਾਲੇ ਨਿਯਮ ਲਾਗੂ ਹੋਣਗੇ। ਯਾਤਰਾ ਦੀਆਂ ਸ਼ਰਤਾਂ ਪੂਰੀਆਂ ਹੋਣ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਏਅਰਲਾਈਨ ਆਪਰੇਟਰਾਂ ਦੀ ਹੋਵੇਗੀ। ਯਾਤਰਾ ਦੀਆਂ ਜ਼ਰੂਰਤਾਂ ਵਿੱਚ ਸੋਧ ਨਾਲ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਸੌਖ ਹੋਵੇਗੀ, ਜੋ ਇਥੇ ਰਹਿੰਦੇ ਹਨ ਜਾਂ ਅਕਸਰ ਇਸ ਦੇਸ਼ ਦੀ ਯਾਤਰਾ ਕਰਦੇ ਹਨ।