ਦੁਬਈ ਦੀ ਅਮੀਰਾਤ ਏਅਰਲਾਈਨ ਦਾ ਇੱਕ ਇਸ਼ਤਿਹਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ, ਇਸ ਵਿੱਚ ਇੱਕ ਵਾਰ ਫਿਰ ਉਹੀ ਏਅਰ ਹੋਸਟੈਸ ਸ਼ਾਮਿਲ ਹੈ, ਜੋ ਪਿਛਲੇ ਸਾਲ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੇ ਸਿਖਰ ‘ਤੇ ਖੜ੍ਹੀ ਵਾਇਰਲ ਹੋਈ ਸੀ। ਹਾਲਾਂਕਿ ਇਸ ਵਾਰ ਐਮੀਰੇਟਸ ਏਅਰਲਾਈਨਜ਼ ਦੀ ਵਾਇਰਲ ਹੋਈ ਵੀਡੀਓ ‘ਚ ਏਅਰ ਹੋਸਟੈੱਸ ਨੇ ਜ਼ਿਆਦਾ ਜੋਖਮ ਚੁੱਕਿਆ ਹੈ। ਇੱਕ ਏਅਰ ਹੋਸਟੈਸ ਦੇ ਰੂਪ ਵਿੱਚ, ਪੇਸ਼ੇਵਰ ਸਕਾਈਡਾਈਵਿੰਗ ਇੰਸਟ੍ਰਕਟਰ ਨਿਕੋਲ ਸਮਿਥ-ਲੁਡਵਿਕ ਦੁਬਈ ਦੀ 2,722 ਫੁੱਟ ਉੱਚੀ ਬੁਰਜ ਖਲੀਫਾ ਇਮਾਰਤ ‘ਤੇ ਦੁਬਾਰਾ ਚੜ੍ਹੀ ਹੈ।
ਇੱਕ ਹੱਥ ਵਿੱਚ ਤਖ਼ਤੀਆਂ ਲੈ ਕੇ, ਨਿਕੋਲ ਨੇ ਮਜ਼ਾਕ ਵਿੱਚ ਕਿਹਾ, ‘ਮੈਂ ਅਜੇ ਵੀ ਇੱਥੇ ਹਾਂ!’ ਉਹ ਫਿਰ ਤਖ਼ਤੀਆਂ ਨੂੰ ਬਦਲਦੀ ਹੈ, ਜਿਨ੍ਹਾਂ ਵਿੱਚੋਂ ਇੱਕ ‘ਤੇ ਲਿਖਿਆ ਹੁੰਦਾ ਹੈ, ‘ਆਖ਼ਰਕਾਰ, ਮੇਰੇ ਦੋਸਤ ਇੱਥੇ ਆ ਹੀ ਗਏ।’ ਇਸ ਦੌਰਾਨ ਇੱਕ ਵਿਸ਼ਾਲ ਅਮੀਰਾਤ ਏ380 ਏਅਰਬੱਸ ਨਿਕੋਲ ਦੇ ਕੋਲ ਦੀ ਲੰਘਦਾ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼ ਹੈ। ਇਸ ਦੌਰਾਨ ਜਹਾਜ਼ ਅਤੇ ਬੁਰਜ ਖਲੀਫਾ ਵਿਚਕਾਰ ਸਿਰਫ ਕੁੱਝ ਮੀਟਰ ਦੀ ਦੂਰੀ ਹੈ। ਇਹ ਇਸ਼ਤਿਹਾਰ ਅਮੀਰਾਤ ਏਅਰਲਾਈਨਜ਼ ਦਾ ਨਵੀਨਤਮ ਇਸ਼ਤਿਹਾਰ ਸੀ। ਇਸ ਇਸ਼ਤਿਹਾਰ ਦੇ ਰਿਲੀਜ਼ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਯੂਟਿਊਬ ‘ਤੇ ਇੱਕ ਦੂਜੀ ਵੀਡੀਓ ਵੀ ਪੋਸਟ ਕੀਤੀ ਗਈ, ਜਿਸ ‘ਚ ਲੱਖਾਂ ਲੋਕਾਂ ਨੇ ਦੇਖਿਆ ਕਿ ਇਸ ਸਟੰਟ ਨੂੰ ਕਿਸ ਤਰ੍ਹਾਂ ਕੀਤਾ ਗਿਆ।
ਇਹ ਸਟੰਟ ਵੀਡੀਓ ਦੁਬਈ ਐਕਸਪੋ 2020 ਦੇ ਤਹਿਤ ਤਿਆਰ ਕੀਤਾ ਗਿਆ ਸੀ। ਦੁਬਈ ਐਕਸਪੋ 2020 1 ਅਕਤੂਬਰ 2021 ਤੋਂ 31 ਮਾਰਚ 2022 ਤੱਕ ਚੱਲਣ ਵਾਲਾ ਹੈ। ਇਸ ਵਿੱਚ 192 ਦੇਸ਼ ਹਿੱਸਾ ਲੈਂਦੇ ਹਨ ਅਤੇ ਆਪਣੀ ਤਕਨੀਕ ਦਿਖਾਉਂਦੇ ਹਨ। ਅਮੀਰਾਤ ਦਾ ਜਹਾਜ਼ ਬਹੁਤ ਰੰਗੀਨ ਹੈ ਅਤੇ ਨਿਕੋਲ ਇਸ ਸਟੰਟ ਰਾਹੀਂ ਲੋਕਾਂ ਨੂੰ ਦੁਬਈ ਐਕਸਪੋ ਵਿੱਚ ਆਉਣ ਦਾ ਸੱਦਾ ਦੇ ਰਹੀ ਹੈ। ਇਸ ਸਟੰਟ ਬਾਰੇ ਜਾਣਕਾਰੀ ਦਿੰਦਿਆਂ ਏਅਰਲਾਈਨ ਨੇ ਦੱਸਿਆ ਕਿ ਇਹ ਜਹਾਜ਼ ਬੁਰਜ ਖਲੀਫਾ ਤੋਂ ਅੱਧਾ ਮੀਲ ਦੂਰ ਉਡਾਣ ਭਰ ਰਿਹਾ ਸੀ। ਪਰ ਕੈਮਰੇ ਵਰਕ ਰਾਹੀਂ ਇਹ ਦਿਖਾਇਆ ਗਿਆ ਕਿ ਇਹ ਨਿਕੋਲ ਕੋਲੋਂ ਲੰਘ ਰਿਹਾ ਸੀ।
ਇਸ ਦੇ ਨਾਲ ਹੀ ਇਸ ਸਭ ਦੇ ਬਾਅਦ ਵੀ ਇਸ ਸਟੰਟ ਨੂੰ ਕਰਨ ‘ਚ ਕਾਫੀ ਜੋਖਮ ਸੀ। ਸਭ ਤੋਂ ਵਧੀਆ ਸ਼ਾਟ ਲਈ, ਏਅਰਬੱਸ ਨੂੰ 11 ਵਾਰ ਨਿਕੋਲ ਕੋਲੋਂ ਲੰਘਣਾ ਪਿਆ। ਇਸ ਦੌਰਾਨ ਜਹਾਜ਼ ਦੀ ਰਫ਼ਤਾਰ 166 ਮੀਲ ਪ੍ਰਤੀ ਘੰਟਾ ਸੀ। ਹਾਲਾਂਕਿ ਇਸ ਵਿਸ਼ਾਲ ਜਹਾਜ਼ ਲਈ ਇਹ ਸਪੀਡ ਬਹੁਤ ਘੱਟ ਹੈ। ਆਮ ਤੌਰ ‘ਤੇ ਇਹ ਜਹਾਜ਼ 600 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡਦਾ ਹੈ। ਇਸ ਦੇ ਨਾਲ ਹੀ ਸਟੰਟ ਦੌਰਾਨ ਪਾਇਲਟਾਂ ਨੂੰ 166 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੁਨੀਆ ਦੇ ਸਭ ਤੋਂ ਵੱਡੇ ਯਾਤਰੀ ਜਹਾਜ਼ ਨੂੰ ਸੰਭਾਲਣਾ ਪਿਆ। ਨਾਲ ਹੀ, ਜਹਾਜ਼ ਨੂੰ 3,000 ਫੁੱਟ ਤੋਂ ਘੱਟ ਦੀ ਉਚਾਈ ‘ਤੇ ਰੱਖਣਾ ਪੈਂਦਾ ਸੀ। ਜੇਕਰ ਇਸ ਦੌਰਾਨ ਕੁੱਝ ਗਲਤ ਹੋ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।