ਕੁੱਝ ਦਿਨ ਪਹਿਲਾ ਕਰਨਾਲ ‘ਚ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਦੇ ਵਿੱਚ ਅੱਜ ਇੱਕ ਮਹਾਪੰਚਾਇਤ ਰੱਖੀ ਗਈ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਕਰਨਾਲ ਮਹਾਪੰਚਾਇਤ ਦੇ ਵਿੱਚ ਪਹੁੰਚੇ ਹਨ। ਪਰ ਹੁਣ ਪ੍ਰਸ਼ਾਸਨ ਇੱਥੇ ਕਿਸਾਨਾਂ ਦੇ ਰੋਹ ਅੱਗੇ ਝੁਕਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਇਸ ਸਮੇ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਟਿੰਗ ਦੇ ਲਈ ਕਿਸਾਨ ਆਗੂਆਂ ਨੂੰ ਬੁਲਾਇਆ ਹੈ। ਜਾਣਕਾਰੀ ਦੇ ਅਨੁਸਾਰ ਬਲਬੀਰ ਰਾਜੇਵਾਲ, ਰਾਕੇਸ਼ ਟਿਕੈਤ, ਚੜੂਨੀ ਅਤੇ ਜੋਗਿੰਦਰ ਯਾਦਵ ਦੀ ਅਗਵਾਈ ਵਿੱਚ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਪ੍ਰਸ਼ਾਸਨ ਸਾਹਮਣੇ ਆਪਣੀਆਂ ਮੰਗਾਂ ਰੱਖੇਗੀ।
ਇਸ ਮਹਾਪੰਚਾਇਤ ਤੋਂ ਪਹਿਲਾ ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ। ਉੱਥੇ ਹੀ ਕਿਸਾਨਾਂ ਦੀ ਇਸ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਵੱਲੋਂ ਕਰਨਾਲ ਤੋਂ ਇਲਾਵਾ 4 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ‘ਤੇ ਪਾਬੰਦੀ ਲਗਾਈ ਗਈ ਹੈ ਤੇ ਧਾਰਾ 144 ਲਗਾਈ ਗਈ ਹੈ। 5 ਸਤੰਬਰ ਨੂੰ ਕਿਸਾਨਾਂ ਨੇ ਮੁਜ਼ੱਫਰਨਗਰ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ। ਇਸ ਮਹਾਪੰਚਾਇਤ ਵਿੱਚ ਦੇਸ਼ ਭਰ ਦੇ ਕਿਸਾਨਾਂ ਨੇ ਹਿੱਸਾ ਲਿਆ ਸੀ, ਉੱਥੇ ਹੀ ਇਸ ਦੌਰਾਨ ਕਿਸਾਨਾਂ ਨੇ ਕਰਨਾਲ ਲਾਠੀਚਾਰਜ ਦੇ ਵਿਰੋਧ ਵਿੱਚ 7 ਸਤੰਬਰ ਨੂੰ ਕਰਨਾਲ ਮਹਾਪੰਚਾਇਤ ਦਾ ਵੀ ਐਲਾਨ ਕੀਤਾ ਸੀ।