ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪ੍ਰੋਸਟੇਟ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ, ਜੋ ਹੁਣ ਹੱਡੀਆਂ ਤੱਕ ਫੈਲ ਗਿਆ ਹੈ। ਉਨ੍ਹਾਂ ਦੀ ਬੁਲਾਰਾ ਕੈਲੀ ਸਕਲੀ ਨੇ ਐਤਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। 82 ਸਾਲਾ ਬਾਈਡਨ ਨੂੰ ਪਿਛਲੇ ਹਫ਼ਤੇ ਪਿਸ਼ਾਬ ਸੰਬੰਧੀ ਸਮੱਸਿਆਵਾਂ ਸਨ, ਜਿਸ ਤੋਂ ਬਾਅਦ ਜਾਂਚ ਦੌਰਾਨ ਇਸ ਬਿਮਾਰੀ ਦਾ ਪਤਾ ਲੱਗਿਆ। ਇਸ ਹਫ਼ਤੇ ਦੇ ਸ਼ੁਰੂ ਵਿੱਚ ਡਾਕਟਰਾਂ ਨੇ ਇੱਕ ਆਮ ਸਰੀਰਕ ਜਾਂਚ ਵਿੱਚ ਉਨ੍ਹਾਂ ਦੇ ਪ੍ਰੋਸਟੇਟ ਵਿੱਚ ਇੱਕ ਛੋਟੀ ਜਿਹੀ ਗੰਢ ਦਾ ਖੁਲਾਸਾ ਕੀਤਾ, ਜਿਸ ਕਾਰਨ ਹੋਰ ਜਾਂਚ ਸ਼ੁਰੂ ਹੋ ਗਈ। ਸ਼ੁੱਕਰਵਾਰ ਤੱਕ, ਡਾਕਟਰਾਂ ਨੇ ਪ੍ਰੋਸਟੇਟ ਕੈਂਸਰ ਦੀ ਪੁਸ਼ਟੀ ਕਰ ਦਿੱਤੀ ਸੀ, ਜਿਸਦੇ ਸੈੱਲ ਪਹਿਲਾਂ ਹੀ ਉਨ੍ਹਾਂ ਦੀਆਂ ਹੱਡੀਆਂ ਵਿੱਚ ਫੈਲ ਚੁੱਕੇ ਸਨ।
ਉਨ੍ਹਾਂ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ, “ਹਾਲਾਂਕਿ ਇਹ ਬਿਮਾਰੀ ਦੇ ਇੱਕ ਵਧੇਰੇ ਹਮਲਾਵਰ ਰੂਪ ਨੂੰ ਦਰਸਾਉਂਦਾ ਹੈ, ਪਰ ਕੈਂਸਰ ਹਾਰਮੋਨ-ਸੰਵੇਦਨਸ਼ੀਲ ਜਾਪਦਾ ਹੈ, ਜਿਸ ਨਾਲ ਪ੍ਰਭਾਵਸ਼ਾਲੀ ਪ੍ਰਬੰਧਨ ਸੰਭਵ ਹੋ ਜਾਂਦਾ ਹੈ। ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਡਾਕਟਰਾਂ ਨਾਲ ਇਲਾਜ ਦੇ ਵਿਕਲਪਾਂ ਦੀ ਸਮੀਖਿਆ ਕਰ ਰਹੇ ਹਨ। ਪ੍ਰੋਸਟੇਟ ਕੈਂਸਰ ਨੂੰ 1 ਤੋਂ 10 ਦੇ ਗਲੀਸਨ ਸਕੋਰ ਨਾਲ ਦਰਜਾ ਦਿੱਤਾ ਜਾਂਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਸਿਹਤਮੰਦ ਸੈੱਲਾਂ ਦੇ ਮੁਕਾਬਲੇ ਕੈਂਸਰ ਸੈੱਲ ਕਿੰਨੇ ਅਸਧਾਰਨ ਦਿਖਾਈ ਦਿੰਦੇ ਹਨ। ਬਾਈਡਨ ਦਾ ਸਕੋਰ 9 ਹੈ, ਜਿਸਦਾ ਮਤਲਬ ਹੈ ਕਿ ਉਸਦਾ ਕੈਂਸਰ ਬਹੁਤ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ।