ਗਰਮੀਆਂ ਵਿੱਚ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਅਜਿਹਾ ਬਹੁਤ ਜ਼ਿਆਦਾ ਪਸੀਨਾ ਆਉਣ ਅਤੇ ਤਾਪਮਾਨ ਵਧਣ ਕਾਰਨ ਹੁੰਦਾ ਹੈ। ਅਜਿਹੇ ‘ਚ ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ। ਇਸ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਨਿੰਬੂ ਤੋਂ ਸਰੀਰ ਨੂੰ ਵਿਟਾਮਿਨ ਸੀ ਵੀ ਮਿਲਦਾ ਹੈ ਅਤੇ ਇਹ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਪਰ ਹਰ ਚੀਜ਼ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਗਰਮੀਆਂ ‘ਚ ਨਿੰਬੂ ਪਾਣੀ ਕਿੰਨਾ ਪੀਣਾ ਚਾਹੀਦਾ ਹੈ।
ਮਾਹਿਰਾਂ ਅਨੁਸਾਰ ਗਰਮੀਆਂ ਵਿੱਚ ਹਾਈਡਰੇਟਿਡ ਰਹਿਣਾ ਜ਼ਰੂਰੀ ਹੈ। ਇਸ ਦੇ ਲਈ ਰੋਜ਼ਾਨਾ ਘੱਟੋ-ਘੱਟ 3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਤੁਸੀਂ ਇਸ ਦਾ ਇੱਕ ਹਿੱਸਾ ਨਿੰਬੂ ਪਾਣੀ ਵਿੱਚ ਵੀ ਰੱਖ ਸਕਦੇ ਹੋ। ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਸ ਨਾਲ ਇਮਿਊਨਿਟੀ ‘ਚ ਸੁਧਾਰ ਹੁੰਦਾ ਹੈ। ਇਹ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਨਿੰਬੂ ਪਾਣੀ ਦਾ ਸੇਵਨ ਸਾਨੂੰ ਹਾਈਡਰੇਟ ਰੱਖਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਬੀ-6, ਈ, ਥਿਆਮਿਨ, ਨਿਆਸੀਨ, ਰਿਬੋਫਲੇਵਿਨ ਅਤੇ ਫੋਲੇਟ ਪੇਟ ਨੂੰ ਸਾਫ਼ ਰੱਖਦੇ ਹਨ, ਜੋ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਪਰ ਤੁਹਾਨੂੰ ਇੱਕ ਦਿਨ ਵਿੱਚ ਦੋ ਗਲਾਸ ਨਿੰਬੂ ਪਾਣੀ ਤੋਂ ਵੱਧ ਨਹੀਂ ਪੀਣਾ ਚਾਹੀਦਾ। ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ।
ਕਿਵੇਂ ਲਾਭਦਾਇਕ ਹੈ ਨਿੰਬੂ ?
ਨਿੰਬੂ ਵਿੱਚ ਸਿਟਰਿਕ ਐਸਿਡ ਹੁੰਦਾ ਹੈ। ਇਹ ਪਾਚਨ ਤੰਤਰ ਨੂੰ ਸਰਗਰਮ ਕਰਦਾ ਹੈ ਜਿਸ ਕਾਰਨ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਨਿੰਬੂ ਪਾਣੀ ‘ਚ ਪੈਕਟਿਨ ਨਾਂ ਦਾ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਸਾਡਾ ਪੇਟ ਭਰਿਆ ਮਹਿਸੂਸ ਹੁੰਦਾ ਹੈ, ਜਿਸ ਕਾਰਨ ਸਾਨੂੰ ਭੁੱਖ ਘੱਟ ਲੱਗਦੀ ਹੈ ਅਤੇ ਅਸੀਂ ਘੱਟ ਖਾ ਕੇ ਆਪਣਾ ਭਾਰ ਕੰਟਰੋਲ ਕਰ ਸਕਦੇ ਹਾਂ। ਨਿੰਬੂ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਸਾਡੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਜੋ ਸਾਨੂੰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਤੁਸੀਂ ਨਿੰਬੂ ਪਾਣੀ ਵਿੱਚ ਪੁਦੀਨਾ, ਖੀਰਾ ਜਾਂ ਅਦਰਕ ਵੀ ਮਿਲਾ ਸਕਦੇ ਹੋ। ਇੱਕ ਚੁਟਕੀ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਸਵਾਦ ਅਤੇ ਸਿਹਤ ਦੋਵੇਂ ਠੀਕ ਰਹਿੰਦੀਆਂ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਨਿੰਬੂ ਪਾਣੀ ਵਿੱਚ ਸ਼ਹਿਦ ਦੀ ਬਜਾਏ ਨਿੰਮ ਜਾਂ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਅਜਿਹੀ ਸਥਿਤੀ ਵਿੱਚ ਨਾ ਕਰੋ ਸੇਵਨ
ਖੱਟੇ ਫਲਾਂ ਵਿੱਚ ਟਾਇਰਾਮਿਨ ਹੁੰਦਾ ਹੈ ਜੋ ਸਿਰਦਰਦ ਦਾ ਕਾਰਨ ਬਣ ਸਕਦਾ ਹੈ, ਇਸ ਲਈ ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਨਿੰਬੂ ਤੋਂ ਬਚਣਾ ਚਾਹੀਦਾ ਹੈ, ਨਿੰਬੂ ਵਿੱਚ ਸਿਟਰਿਕ ਐਸਿਡ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਹੈ ਜੋ ਹੱਡੀਆਂ ਅਤੇ ਦੰਦਾਂ ਨੂੰ ਕਮਜ਼ੋਰ ਕਰ ਸਕਦੀ ਹੈ। ਮਾਹਿਰਾਂ ਮੁਤਾਬਿਕ ਜੇਕਰ ਤੁਹਾਨੂੰ ਪੇਟ ‘ਚ ਜਲਣ, ਐਸੀਡਿਟੀ ਜਾਂ ਦਸਤ ਦੀ ਸਮੱਸਿਆ ਹੈ ਤਾਂ ਤੁਹਾਨੂੰ ਜ਼ਿਆਦਾ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ। ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਦੰਦਾਂ ਦੇ ਪਰਲੇ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਇਸ ਨੂੰ ਪੀਣ ਤੋਂ ਬਾਅਦ ਪਾਣੀ ਨਾਲ ਮੂੰਹ ਧੋ ਲਓ। ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਨਿੰਬੂ ਪਾਣੀ ਪੀਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ।