ਕੋਰੋਨਾ ਕਾਲ ਦੌਰਾਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋ ਕੁੱਝ ਸਖਤ ਫੈਸਲੇ ਲਏ ਗਏ ਸਨ, ਜਿਸ ਕਾਰਨ ਇਮੀਗ੍ਰੇਸ਼ਨ ਦਾ ਮੁੱਦਾ ਹੁਣ ਇੱਕ ਵੱਡਾ ਮੁੱਦਾ ਬਣਦਾ ਜਾਂ ਰਿਹਾ ਹੈ। ਇਮੀਗ੍ਰੇਸ਼ਨ ਦੇ ਸਖਤ ਫੈਸਲਿਆਂ ਕਾਰਨ ਕਈ ਪਰਵਾਸੀ ਅਜੇ ਵੀ ਆਪਣੇ ਪਰਿਵਾਰਾਂ ਤੋਂ ਦੂਰ ਵੱਖ ਵੱਖ ਦੇਸ਼ਾਂ ਦੇ ਵਿੱਚ ਫਸੇ ਹੋਏ ਬੈਠੇ ਹਨ। ਅਜਿਹੇ ‘ਚ ਹੁਣ ਇਮੀਗ੍ਰੇਸ਼ਨ ਦੇ ਫੈਸਲਿਆਂ ਨੂੰ ਚਣੌਤੀ ਦਿੱਤੀ ਗਈ ਹੈ। ਦਰਅਸਲ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੂੰ ਆਕਲੈਂਡ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੁਆਰਾ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਇਸ ਗੱਲ ਤੋਂ ਨਿਰਾਸ਼ ਹੈ ਕਿ ਉਸ ਦਾ ਪਤੀ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਸ ਤੋਂ ਵੱਖ ਹੈ।
ਆਕਲੈਂਡ ਦੀ ਸਾਇੰਸ ਫੈਕਲਟੀ ਪ੍ਰੋਫੈਸਰ ਮਾਈਕਲ ਵਿਟਬਰੌਕ (Michael Witbrock) ਦੀ ਨੁਮਾਇੰਦਗੀ ਕਰ ਰਹੇ ਵਕੀਲਾਂ ਨੇ ਇਮੀਗ੍ਰੇਸ਼ਨ ਮੰਤਰੀ ਦੁਆਰਾ ਲਏ ਗਏ ਦੋ ਤਾਜ਼ਾ ਫੈਸਲਿਆਂ ਬਾਰੇ ਬੁੱਧਵਾਰ ਨੂੰ ਹਾਈ ਕੋਰਟ ‘ਚ ਚਣੌਤੀ ਦਿੱਤੀ ਹੈ। ਫਾਫੋਈ ਦੇ 23 ਜੂਨ ਨੂੰ ਆਫਸ਼ੋਰ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਅਗਲੇ ਸਾਲ ਫਰਵਰੀ ਤੱਕ ਸਸਪੈਂਡ ਰੱਖਣ ਦੇ ਫੈਸਲੇ ਨੂੰ ਇੱਕ ਕਾਰਨ ਦੱਸਿਆ ਗਿਆ ਹੈ। ਇਹ ਫੈਸਲਾ ਚੱਲ ਰਹੀ ਕੋਵਿਡ-19 ਮਹਾਂਮਾਰੀ ਕਾਰਨ ਲਿਆ ਗਿਆ ਸੀ। ਦੂਸਰਾ ਮੁੱਦਾ 7 ਜੁਲਾਈ ਦੇ ਫੈਸਲੇ ਨੂੰ ਬਣਾਇਆ ਗਿਆ ਹੈ ਜਿਸ ਵਿੱਚ ਮਨਿਸਟਰ ਨੇ 50,000 ਅਸਥਾਈ ਵੀਜ਼ਾ ਅਰਜੀਆਂ ਕਰੋਨਾ ਦੇ ਕਾਰਨ ਰੱਦ ਕਰ ਦਿੱਤੀਆਂ ਸਨ। ਜਦਕਿ ਅਦਾ ਕੀਤੀ ਜਾ ਚੁੱਕੀ ਫ਼ੀਸ ਮੋੜਨ ਬਾਰੇ ਇਮੀਗਰੇਸ਼ਨ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਨ੍ਹਾਂ ਵਿੱਚ ਨਿਊਜ਼ੀਲੈਂਡ ਦੇ ਪੱਕੇ ਵਸਨੀਕਾਂ ਅਤੇ ਮਾਈਗਰੈਂਟ ਵਰਕਰਾਂ ਦੇ ਪਾਰਟਨਰਾਂ ਦੀਆਂ ਅਰਜੀਆਂ ਵੀ ਸ਼ਾਮਿਲ ਸਨ।
ਜਾਣਕਾਰੀ ਦੇ ਮੁਤਾਬਿਕ ਪ੍ਰੋਫੈਸਰ ਦੇ ਪਤੀ ਨੇ ਨਵੰਬਰ 2019 ‘ਚ ਆਪਣੇ ਸਾਥੀ ਨਾਲ ਦੁਬਾਰਾ ਮਿਲਣ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਇਮੀਗ੍ਰੇਸ਼ਨ ਐਨ ਜ਼ੈਡ ਨੇ ਇਹ ਨਿਸ਼ਚਤ ਕੀਤਾ ਸੀ ਕਿ ਇਹ ਜੋੜਾ ਇੱਕ ਅਸਲ ਰਿਸ਼ਤੇ ਵਿੱਚ ਸੀ, ਅਤੇ ਵਿਜ਼ਟਰ ਵੀਜ਼ਾ ਦੇਣ ਲਈ ਤਿਆਰ ਸੀ, ਪਰ ਅਜਿਹੇ ਵੀਜ਼ਾ ਜਾਰੀ ਕਰਨ ‘ਤੇ ਲੱਗੀ ਪਬੰਦੀ ਦੇ ਕਾਰਨ ਉਹ ਅਜੇ ਤੱਕ ਨਹੀਂ ਆ ਸਕੇ। ਪਿਛਲੇ ਸਾਲ ਜਨਵਰੀ ਤੋਂ ਬਾਅਦ ਇਹ ਜੋੜਾ ਇੱਕ ਦੂਜੇ ਨੂੰ ਨਹੀਂ ਮਿਲਿਆ। ਕਾਰਵਾਈ ਤੋਂ ਬਾਅਦ ਇਮੀਗ੍ਰੇਸ਼ਨ ਐਨ ਜ਼ੈਡ ਦੁਆਰਾ ਸਰਹੱਦੀ ਅਪਵਾਦ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਸੀ।
ਪ੍ਰੋ: ਵਿਟਬਰੌਕ ਦੀ ਦਲੀਲ ਇਹ ਹੈ ਕਿ ਇਮੀਗ੍ਰੇਸ਼ਨ ਮੰਤਰੀ ਹੋਣ ਦੇ ਨਾਤੇ ਫਾਫੋਈ ਕੌਮਾਂਤਰੀ ਸੰਮੇਲਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਵਿਚਾਰਨ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਦੇ ਫ਼ੈਸਲਿਆਂ ਕਾਰਨ ਪਰਿਵਾਰਕ ਮੈਂਬਰਾਂ ਨੂੰ ਇੱਕ ਦੂਜੇ ਤੋਂ ਤੋਂ ਵੱਖ ਰਹਿਣਾ ਪੈ ਰਿਹਾ ਹੈ। ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਸਰਕਾਰ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਵਿਤਕਰੇ ਵਾਲਾ ਵਤੀਰਾ ਵਰਤ ਰਹੀ ਹੈ ਅਤੇ ਸਰਕਾਰ ਕੌਮਾਂਤਰੀ ਪੱਧਰ ਦੇੇ ਮੁੱਦਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਇਸ ਤੋਂ ਇਲਾਵਾ ਸਟੱਡੀ ਵੀਜ਼ਾ ਅਤੇ ਵਰਕ ਵੀਜ਼ੇ ਦੀਆ ਅਰਜ਼ੀਆਂ ਲਗਾਉਣ ਵਾਲਿਆਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਕੋਰੋਨਾ ਕਾਰਨ ਵੀਜ਼ਾ ਮਿਲਣ ਨੂੰ ਹੋਰ ਕਿੰਨਾ ਕੁ ਸਮਾਂ ਲੱਗੇਗਾ ਇਸ ਬਾਰੇ ਵੀ ਸਰਕਾਰ ਨੇ ਅਜੇ ਕੁੱਝ ਵੀ ਸਪਸ਼ਟ ਨਹੀਂ ਕੀਤਾ ਹੈ।