ਸ਼ੁੱਕਰਵਾਰ ਨੂੰ ਆਕਲੈਂਡ ਸੁਪਰਮਾਰਕੀਟ ਵਿੱਚ ਇੱਕ ਹਮਲਾਵਰ ਦੇ ਵੱਲੋ ਇੱਕ ਵਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਵਾਰਦਾਤ ਵਿੱਚ 6 ਲੋਕਾਂ ਦੇ ਜਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਉਹ ਪੱਛਮੀ ਆਕਲੈਂਡ ਸੁਪਰਮਾਰਕੀਟ ਵਿੱਚ ਅੱਜ ਦੀ ਦਹਿਸ਼ਤਗਰਦੀ ਦੀ ਘਟਨਾ ਬਾਰੇ ਸੁਣ ਕੇ “ਬਿਲਕੁਲ ਨਿਰਾਸ਼” ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਘਟਨਾ ਇੱਕ ਅੱਤਵਾਦੀ ਘਟਨਾ ਸੀ, ਜਿਸਨੂੰ ਇੱਕ ਹਿੰਸਕ ਅੱਤਵਾਦੀ ਵਲੋਂ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਦੇ ਵੱਲੋ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਤੁਰੰਤ ਬਾਅਦ ਹੋ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਵਿਅਕਤੀ ਨੂੰ ਢੇਰ ਕਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਮਕਾਵਰ “Isis ਤੋਂ ਪ੍ਰੇਰਿਤ ਸੀ ਜੋ ਨਿਰੰਤਰ ਪੁਲਿਸ ਨਿਗਰਾਨੀ ਅਧੀਨ ਸੀ। ਘਰ ਤੋਂ ਨਿਕਲਣ ਤੋਂ ਬਾਅਦ ਹੀ ਪੁਲਿਸ ਉਸ ਵਿਅਕਤੀ ਦਾ ਪਿੱਛਾ ਕਰ ਰਹੀ ਸੀ ਅਤੇ ਅੱਜ ਦੁਪਹਿਰ New Lynn Countdown ਵਿੱਚ ਗਿਆ ਜਿੱਥੇ ਉਸ ਨੇ ਇੱਕ ਚਾਕੂ ਲੈ ਲੋਕਾਂ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੌਰਾਨ 6 ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇਸ ਸਮੇ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਹਮਲਾਵਰ ਦਾ ਇਰਾਦਾ ਕੀ ਸੀ। ਹਮਲੇ ਬਾਰੇ ਜਾਣਕਾਰੀ ਦੇ ਬਾਰੇ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਚਾਕੂ ਲੈ ਕੇ ਆਇਆ ਅਤੇ ਫਿਰ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕੋਰੋਨਾਵਾਇਰਸ ਦੇ ਖਤਰਨਾਕ ਡੈਲਟਾ ਰੂਪ ਦੇ ਕਾਰਨ ਆਕਲੈਂਡ ਵਿੱਚ ਇਸ ਵੇਲੇ ਤਾਲਾਬੰਦੀ ਲਾਗੂ ਹੈ। ਇਸ ਕਾਰਨ, ਵੱਡੀ ਗਿਣਤੀ ਵਿੱਚ ਲੋਕ ਬਾਹਰ ਨਹੀਂ ਸਨ।
ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਜੋ ਹੋਇਆ ਉਹ ਨਿੰਦਣਯੋਗ, ਨਫ਼ਰਤ ਨਾਲ ਭਰਿਆ ਅਤੇ ਗਲਤ ਸੀ। ਉਨ੍ਹਾਂ ਕਿਹਾ ਕਿ ਹਮਲਾਵਰ ਸ੍ਰੀਲੰਕਾਈ ਨਾਗਰਿਕ ਸੀ ਜੋ 2011 ਵਿੱਚ ਨਿਊਜ਼ੀਲੈਂਡ ਆਇਆ ਸੀ। ਇਸ ਤੋਂ ਪਹਿਲਾ ਡੁਨੇਡਿਨ ਵਿੱਚ ਵੀ ਮਈ ਮਹੀਨੇ ਇੱਕ ਸੁਪਰਮਾਰਕੀਟ ਵਿੱਚ ਅਜਿਹਾ ਹੀ ਹਮਲਾ ਹੋਇਆ ਸੀ। ਇਸ ਦੌਰਾਨ ਇੱਕ ਹਮਲਾਵਰ ਨੇ ਸੁਪਰਮਾਰਕੀਟ ਦੇ ਅੰਦਰ ਚਾਕੂ ਮਾਰ ਕੇ ਚਾਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਨਿਊਜ਼ੀਲੈਂਡ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਮਾਰਚ 2019 ਵਿੱਚ ਹੋਇਆ ਸੀ। ਦਰਅਸਲ, ਇੱਕ ਬੰਦੂਕਧਾਰੀ ਨੇ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿੱਚ ਗੋਲੀਬਾਰੀ ਕੀਤੀ ਸੀ। ਉਸ ਸਮੇ ਹਮਲੇ ਦੇ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।