ਮਾਸਟਰਟਨ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਨੂੰ 47 ਲੋਕਾਂ ਨੂੰ ਠੱਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਾਸਟਰਟਨ ਦੀ ਮਹਿਲਾ ਨੇ 13 ਦਿਨਾਂ ਵਿੱਚ ਇੱਕ $95 ਮੁੱਲ ਦੇ ਮਲਟੀਟੂਲ ਨੂੰ 47 ਵਾਰ ਵੇਚ ਕੇ ਬਿਨਾਂ ਡਿਲਿਵਰੀ ਕੀਤੇ ਕੀਵੀਆਂ ਨਾਲ ਧੋਖਾ ਕੀਤਾ ਹੈ। ਦਰਅਸਲ ਮਹਿਲਾ ਨੇ ਮਲਟੀਟੂਲ ਨੂੰ 47 ਵਾਰ Online ਵੇਚਿਆ ਪਰ ਕਿਸੇ ਨੂੰ ਵੀ ਡਿਲਿਵਰੀ ਨਹੀਂ ਕੀਤੀ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਮਹਿਲਾ ਫੇਸਬੁੱਕ ਮਾਰਕੇਟਪਲੇਸ ਦੁਆਰਾ ਉਤਪਾਦ ਦੀ ਇਸ਼ਤਿਹਾਰਬਾਜ਼ੀ ਕਰ ਰਹੀ ਸੀ।
ਇਹ ਮਾਮਲਾ ਪੁਲਿਸ ਕੋਲ ਓਦੋ ਪਹੁੰਚਿਆ ਜਦੋਂ ਇੱਕ ਵਿਅਕਤੀ ਜਿਸਨੇ ਇਹ ਚੀਜ਼ ਖਰੀਦੀ ਤੇ ਉਸਨੂੰ ਡਿਲਿਵਰੀ ਨਾ ਪ੍ਰਾਪਤ ਹੋਈ ਤਾਂ ਉਸਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਫਿਰ ਅਪਰਾਧੀ ਨਾਲ ਜੁੜੀ ਜਾਂਚ ਦੇ ਹਿੱਸੇ ਵਜੋਂ ਬੈਂਕ ਸਟੇਟਮੈਂਟਸ ਦੀ ਸਮੀਖਿਆ ਕੀਤੀ ਅਤੇ ਪਾਇਆ ਕਿ ਮਹਿਲਾ ਨੇ 13 ਦਿਨਾਂ ਦੀ ਮਿਆਦ ਵਿੱਚ 47 ਵਾਰ ਮਲਟੀਟੂਲ ਵੇਚਿਆ ਸੀ। ਸੀਨੀਅਰ ਸਾਰਜੈਂਟ ਇਆਨ ਓਸਲੈਂਡ ਨੇ ਕਿਹਾ ਕਿ ਮਹਿਲਾ ਇਸ ਆਨਲਾਈਨ ਅਪਰਾਧ ਦੇ ਨਾਲ ਨਾਲ ਦੁਕਾਨ ਚੋਰੀ ਦੇ ਅਪਰਾਧ ਦੇ ਸੰਬੰਧ ਵਿੱਚ ਅਗਲੇ ਵੀਰਵਾਰ ਨੂੰ ਮਾਸਟਰਟਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏਗੀ। ਉਨ੍ਹਾਂ ਕਿਹਾ, “ਪੁਲਿਸ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਦੀ ਗਿਣਤੀ ਬਾਰੇ ਚਿੰਤਤ ਹੈ ਜੋ ਇਸ ਘੁਟਾਲੇ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸਦੀ ਰਿਪੋਰਟ ਨਹੀਂ ਕੀਤੀ ਹੈ।” ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਹਿਲਾ ਲੋਕਾਂ ਨੇ ਸ਼ਰਮ ਮੰਨਦਿਆਂ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਫਿਲਹਾਲ ਪੁਲਿਸ ਨੇ ਆਨਲਾਈਨ ਸ਼ਾਪਿੰਗ ਲਈ ਸਿਰਫ ਭਰੋਸੇਯੋਗ ਵੈਬਸਾਈਟਾਂ ਰਾਂਹੀ ਹੀ ਖ੍ਰੀਦਾਰੀ ਕਰਨ ਦੀ ਸਲਾਹ ਦਿੱਤੀ ਹੈ।