ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਲੇਸ਼ ਫਿਲਹਾਲ ਖਤਮ ਹੁੰਦਾ ਨਹੀਂ ਜਾਪ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਇਸ ਕਲੇਸ਼ ਦੇ ਖਤਮ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ। ਇਸ ਮੁਲਾਕਾਤ ਵਿੱਚ ਸੁਲ੍ਹਾ ਫਾਰਮੂਲੇ ‘ਤੇ ਸਹਿਮਤੀ ਬਣਨ ਦੀ ਖ਼ਬਰ ਵੀ ਮਿਲੀ ਸੀ, ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਟਵੀਟ ਵਾਰ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਬਿਜਲੀ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦਾ ਬਿਜਲੀ ਮੰਤਰੀ ਨਾ ਬਣਨ ਦਾ ਕਾਰਨ ਵੀ ਦੱਸਿਆ ਹੈ।
ਦੱਸ ਦੇਈਏ ਕਿ ਕੈਪਟਨ ਸਰਕਾਰ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਬਾਡੀ ਵਿਭਾਗ ਤੋਂ ਬਦਲ ਕੇ ਬਿਜਲੀ ਮੰਤਰੀ ਬਣਾਇਆ ਗਿਆ ਸੀ, ਪਰ ਸਿੱਧੂ ਨੇ ਬਿਜਲੀ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ ਅਤੇ ਬਾਅਦ ਵਿੱਚ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਵਾਲ ਚੁੱਕੇ ਜਾ ਰਹੇ ਹਨ ਕਿ ਸਿੱਧੂ ਬਿਜਲੀ ਦੇ ਮੁੱਦੇ ਤੋਂ ਇੰਨੇ ਚਿੰਤਤ ਹਨ ਤਾਂ ਜਦੋਂ ਉਨ੍ਹਾਂ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਇਹ ਅਹੁਦਾ ਕਿਉਂ ਨਹੀਂ ਸੰਭਾਲਿਆ। ਦਰਅਸਲ, ਨਵਜੋਤ ਸਿੱਧੂ ਨੇ ਪੰਜਾਬ ਦੇ ਬਿਜਲੀ ਸੰਕਟ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਹਨ । ਜਿਸ ਵਿੱਚ ਉਨ੍ਹਾਂ ਨੇ ਬਿਜਲੀ ਵਿਭਾਗ ਦਾ ਚਾਰਜ ਨਾ ਲੈਣ ਕਾਰਨ ਆਪਣੇ ‘ਤੇ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ । ਉਨ੍ਹਾਂ ਕਿਹਾ ਕਿ ਕੀ ਬਿਜਲੀ ਮੰਤਰੀ ਸਬਸਿਡੀ, ਸਮਝੌਤਿਆਂ ਨੂੰ ਤੋੜਨ ਆਦਿ ‘ਤੇ ਕੋਈ ਫੈਸਲਾ ਲੈ ਸਕਦਾ ਹੈ ? ਇਹ ਸਾਰੀਆਂ ਸ਼ਕਤੀਆਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਸੌਂਪੀਆਂ ਗਈਆਂ ਹਨ ਜੋ ਸਿੱਧੇ ਮੁੱਖ ਮੰਤਰੀ ਨੂੰ ਰਿਪੋਰਟ ਕਰਦੀਆਂ ਹਨ।