ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇੱਕ ਹਫਤੇ ‘ਚ ਦੂਜੀ ਵਾਰ ਸੋਨੇ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਡੀਆਰਆਈ ਦੀ ਟੀਮ ਨੇ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਦੱਸ ਦੇਈਏ ਕਿ ਮਹਿਲਾ ਸੋਨਾ ਆਪਣੇ ਕੱਪੜਿਆਂ ਵਿੱਚ ਛੁਪਾ ਕੇ ਲਿਆਈ ਸੀ। ਫਿਲਹਾਲ ਸੋਨੇ ਦੇ ਮੁੱਲ ਨਿਰਧਾਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਨੇ ਦਾ ਵਜ਼ਨ ਅਤੇ ਕੀਮਤ ਉਸ ਤੋਂ ਬਾਅਦ ਹੀ ਪਤਾ ਚੱਲ ਸਕੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ-56 ਅੱਜ ਸਵੇਰੇ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੀ ਸੀ। ਸੁਰੱਖਿਆ ਜਾਂਚ ਦੌਰਾਨ ਡੀਆਰਆਈ ਦੀ ਟੀਮ ਨੂੰ ਪੂਜਾ ਨਾਂ ਦੀ ਔਰਤ ‘ਤੇ ਸ਼ੱਕ ਹੋਇਆ ਸੀ। ਜਾਂਚ ਕਰਨ ‘ਤੇ ਔਰਤ ਦੇ ਕੱਪੜਿਆਂ ‘ਚ ਛੁਪਾਇਆ ਹੋਇਆ ਸੋਨਾ ਨਿਕਲਿਆ। ਇਸ ਮਗਰੋਂ ਉਸ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਇੱਕ ਹਫਤੇ ਦੌਰਾਨ ਸੋਨੇ ਦੀ ਤਸਕਰੀ ਦਾ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਇੱਕ ਯਾਤਰੀ ਕੋਲੋਂ 1.240 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ, ਜਿਸ ਦੀ ਬਾਜ਼ਾਰੀ ਕੀਮਤ ਲਗਭਗ 65 ਲੱਖ ਰੁਪਏ ਦੱਸੀ ਗਈ ਸੀ। ਮੁਲਜ਼ਮ ਆਪਣੇ ਅੰਡਰਵੀਅਰ ਵਿੱਚ ਛੁਪਾ ਕੇ ਸੋਨੇ ਦੀਆਂ ਚੇਨਾਂ ਦੇ ਪੈਕਟ ਲੈ ਕੇ ਆਇਆ ਸੀ।