ਕੋਰੋਨਾ ਦੀ ਦੂਜੀ ਲਹਿਰ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਰ ਹੁਣ ਤੀਜੀ ਲਹਿਰ ਦੀ ਆਵਾਜ਼ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਲੋਕ ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਇਸ ਦੌਰਾਨ ਹੁਣ ਦੁਨੀਆ ਭਰ ਵਿੱਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਫੈਲਣ ਕਾਰਨ ਹੁਣ ਵਿਸ਼ਵ ਸਿਹਤ ਸੰਗਠਨ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਂ ਲਾਈਆਂ ਹਨ, ਉਨ੍ਹਾਂ ਨੂੰ ਵੀ ਮਾਸਕ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਖਤਰਨਾਕ ਅਤੇ ਵਧੇਰੇ ਛੂਤਕਾਰੀ ਡੈਲਟਾ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀਆਂ, ਮਾਸਕ ਦੀ ਵਰਤੋਂ ਅਤੇ ਸੁਰੱਖਿਆ ਦੇ ਹੋਰ ਨਿਯਮਾਂ ਦੀ ਅਜੇ ਵੀ ਨਿਰੰਤਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ WHO ਨੇ ਇਹ ਵੀ ਕਿਹਾ ਹੈ ਕਿ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਸੁਰੱਖਿਆ ਦਾ ਧਿਆਨ ਰੱਖਣਾ ਹੋਵੇਗਾ ਕਿਉਂਕਿ ਡੈਲਟਾ ਵਰਗੇ ਬਹੁਤ ਜ਼ਿਆਦਾ ਛੂਤ ਵਾਲੇ ਵੈਰੀਐਂਟਸ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਰਹੇ ਹਨ ਅਤੇ ਵਿਸ਼ਵ ਦੇ ਇੱਕ ਵੱਡੇ ਹਿੱਸੇ ਵਿੱਚ ਵੈਕਸੀਨ ਲੱਗਣੀ ਹਾਲੇ ਬਾਕੀ ਹੈ। ਜ਼ਿਕਰਯੋਗ ਹੈ ਕਿ ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਵਿੱਚ ਮਿਲਿਆ ਸੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਹ ਵੈਰੀਐਂਟ ਲੱਗਭਗ 85 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ।
WHO ਦੇ ਅਧਿਕਾਰੀ ਮਾਰਿਆਂਗੇਲਾ ਸਿਮਾਓ ਨੇ ਕਿਹਾ ਕਿ ਲੋਕਾਂ ਨੂੰ ਸਿਰਫ ਇਸ ਲਈ ਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਨ੍ਹਾਂ ਨੇ ਦੋਵੇਂ ਖੁਰਾਕਾਂ ਲੈ ਲਈਆਂ ਹਨ। ਉਨ੍ਹਾਂ ਨੂੰ ਅਜੇ ਵੀ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਦੀ ਜ਼ਰੂਰਤ ਹੈ। WHO ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਸਿਮਾਓ ਨੇ ਕਿਹਾ ਕਿ ਇਕੱਲੀ ਵੈਕਸੀਨ ਹੀ ਕਮਿਊਨਿਟੀ ਦੇ ਸੰਚਾਰ ਨੂੰ ਰੋਕ ਨਹੀਂ ਸਕਦੀ। ਲੋਕਾਂ ਨੂੰ ਲਗਾਤਾਰ ਮਾਸਕ ਪਹਿਨਣਾ ਪਵੇਗਾ, ਹਵਾਦਾਰ ਥਾਵਾਂ ‘ਤੇ ਰਹਿਣਾ, ਭੀੜ ਤੋਂ ਬਚਣਾ ਪਵੇਗਾ ਅਤੇ ਹੱਥਾਂ ਨੂੰ ਸਾਫ਼ ਰੱਖਣਾ ਪਵੇਗਾ । ਵੈਕਸੀਨ ਦੀਆਂ ਦੋਵਾਂ ਖੁਰਾਕਾਂ ਲਗਵਾਉਣ ਤੋਂ ਬਾਅਦ ਵੀ ਇਹ ਸਭ ਬਹੁਤ ਜ਼ਰੂਰੀ ਹੈ।