ਪਿਛਲੇ ਕਰੀਬ 8 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਭਾਰਤ ਦੇ ਹਰ ਵਰਗ ਨੇ ਆਪਣਾ ਯੋਗਦਾਨ ਪਾਇਆ ਹੈ। ਉੱਥੇ ਕਲਾਕਾਰ ਭਾਈਚਾਰੇ ਨੇ ਵੀ ਕਿਸਾਨਾਂ ਦਾ ਡੱਟ ਕੇ ਸਾਥ ਦਿੱਤਾ ਹੈ। ਵੀਰਵਾਰ ਨੂੰ ਇੱਕ ਵਾਰ ਫਿਰ ਪੰਜਾਬੀ ਕਲਾਕਾਰਾਂ ਨੇ ਅੱਜ ਸਿੰਘੂ ਬਾਰਡਰ ’ਤੇ ਪਹੁੰਚ ਕੇ ਕਿਸਾਨਾਂ ’ਚ ਵੱਖਰਾ ਜੋਸ਼ ਭਰਿਆ। ਕਈ ਪੰਜਾਬੀ ਕਲਾਕਾਰਾਂ ਨੇ ਵੀਰਵਾਰ ਨੂੰ ਸਿੰਘੂ ਬਾਰਡਰ ’ਤੇ ਹਾਜ਼ਰੀ ਭਰਨ ਦੇ ਨਾਲ-ਨਾਲ ਸਟੇਜ ’ਤੇ ਸੰਬੋਧਨ ਵੀ ਕੀਤਾ। ਪੰਜਾਬੀ ਗਾਇਕ ਬੱਬੂ ਮਾਨ ਆਪਣੇ ਸਾਥੀ ਗਾਇਕਾਂ ਨਾਲ ਸਿੰਘੂ ਬਾਰਡਰ ‘ਤੇ ਪਹੁੰਚੇ ਸਨ। ਬੱਬੂ ਮਾਨ ਨਾਲ ਇਸ ਦੌਰਾਨ ਜੱਸ ਬਾਜਵਾ, ਸਿੱਪੀ ਗਿੱਲ ਤੇ ਅਮਿਤੋਜ ਮਾਨ ਵੀ ਨਜ਼ਰ ਆਏ। ਦੱਸ ਦਈਏ ਕਿ ਕਿਸਾਨ ਏਕਤਾ ਮੋਰਚਾ ਵੱਲੋਂ ਕੁੱਝ ਦਿਨ ਪਹਿਲਾਂ ਪੋਸਟਰ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਬੱਬੂ ਮਾਨ ਬਾਕੀ ਸਾਥੀ ਕਲਾਕਾਰਾਂ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।
ਦੱਸ ਦੇਈਏ ਕਿ ਅੱਜ ਬੱਬੂ ਮਾਨ, ਜੱਸ ਬਾਜਵਾ, ਸਿੱਪੀ ਗਿੱਲ ਤੇ ਅਮਿਤੋਜ ਮਾਨ ਤੋਂ ਇਲਾਵਾ ਰਣਜੀਤ ਬਾਵਾ, ਤਰਸੇਮ ਜੱਸੜ ਤੇ ਗੁੱਲ ਪਨਾਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਬੰਧੀ ਪੋਸਟਰ ਸਾਂਝਾ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਸੀ, ‘ਇਹ ਹੱਕ ਤੇ ਸੱਚ ਦੀ ਅੱਗ ਕਿਤੇ ਹੋਰ ਨਹੀਂ, ਸਗੋਂ 15 ਜੁਲਾਈ ਨੂੰ ਸਿੰਘੂ ਬਾਰਡਰ ‘ਤੇ ਸਾਰੇ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਜਲਾਵਾਂਗੇ ਤੇ ਚੜ੍ਹਦੀਕਲਾ ਦੀ ਅਵਸਥਾ ‘ਚ ਇਹ ਸੰਘਰਸ਼, ਜੋ ਕਿਸੇ ਹੋਰ ਦਾ ਨਹੀਂ ਸਾਡਾ ਸਾਰਿਆਂ ਦਾ ਹੈ, ਨੂੰ ਜਿੱਤ ਵੱਲ ਲੈ ਕੇ ਜਾਵਾਂਗੇ।’ ਦੱਸ ਦੇਈਏ ਕਿ ਅੱਜ ਇਨ੍ਹਾਂ ਕਲਾਕਾਰਾਂ ਨੇ ਸੱਥ ਚਰਚਾ ਕੀਤੀ ਤੇ ਸਟੇਜ ਤੋਂ ਆਪਣੇ ਵਿਚਾਰ ਵੀ ਕਿਸਾਨ ਭਾਈਚਾਰੇ ਨਾਲ ਸਾਂਝੇ ਕੀਤੇ। ਉੱਥੇ ਇਹ ਵੀ ਕਿਹਾ ਗਿਆ ਹੈ ਕਿ ਪੰਜਾਬੀ ਕਲਾਕਾਰ ਹਰ ਹਫਤੇ ਆਪਣੀ ਹਾਜ਼ਰੀ ਭਰ ਕੇ ਕਿਸਾਨੀ ਅੰਦੋਲਨ ‘ਚ ਆਪਣਾ ਬਣਦਾ ਯੋਗਦਾਨ ਦੇਣਗੇ।