ਬੁੱਧਵਾਰ ਨੂੰ ਪਾਕਿਸਤਾਨ ਦੇ ਲਾਹੌਰ ਦੇ ਜੌਹਰ ਟਾਊਨ ਖੇਤਰ ਵਿੱਚ ਇੱਕ ਘਰ ਵਿੱਚ ਧਮਾਕਾ ਹੋਇਆ ਸੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਜ਼ਖਮੀ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਉਹੀ ਖੇਤਰ ਹੈ ਜਿੱਥੇ ਅੱਤਵਾਦੀ ਹਾਫਿਜ਼ ਸਈਦ ਰਹਿੰਦਾ ਸੀ। ਹਾਫਿਜ਼ ਦਾ ਘਰ ਵੀ ਇਸ ਖੇਤਰ ਵਿੱਚ ਹੀ ਹੈ, ਏਜੰਸੀਆਂ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀਆਂ ਹਨ ਕਿ ਧਮਾਕਾ ਹਾਫਿਜ਼ ਦੇ ਘਰ ਨੂੰ ਹੀ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜਾਂ ਨਹੀਂ। ਕੁੱਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਫਿਜ਼ ਸਈਦ ਇਨ੍ਹੀਂ ਦਿਨੀਂ ਜੇਲ੍ਹ ਵਿੱਚ ਹੈ।
ਇਸ ਦੇ ਨਾਲ ਹੀ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ, ਨੇੜਲੇ ਘਰਾਂ ਅਤੇ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ, ਇੱਕ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਧਮਾਕੇ ਵਾਲੀ ਥਾਂ ਤੇ ਖੜੇ ਕੁੱਝ ਵਾਹਨ ਵੀ ਨੁਕਸਾਨੇ ਗਏ। ਬਚਾਅ ਅਧਿਕਾਰੀਆਂ ਦਾ ਕਹਿਣਾ ਹੈ ਕਿ 17 ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨਿੱਜੀ ਕਾਰਾਂ ਅਤੇ ਆਟੋ-ਰਿਕਸ਼ਾ ਜਰੀਏ ਹਸਪਤਾਲ ਭੇਜਿਆ ਗਿਆ ਹੈ। ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ ਸੀ। ਹਾਲਾਂਕਿ, ਧਮਾਕੇ ਦੀ ਪ੍ਰਕਿਰਤੀ ਬਾਰੇ ਅਜੇ ਪਤਾ ਨਹੀਂ ਹੈ।
ਇੱਕ ਚਸ਼ਮਦੀਦ ਨੇ ਇੱਕ ਨਿਊਜ਼ ਚੈੱਨਲ ਨੂੰ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਮਕਾਨ ਦੇ ਨੇੜੇ ਇੱਕ ਮੋਟਰਸਾਈਕਲ ਖੜ੍ਹਾ ਕੀਤਾ, ਜਿਸ ਵਿੱਚ ਇਹ ਧਮਾਕਾ ਹੋਇਆ। ਪੁਲਿਸ ਨੇ ਅਗਲੇਰੀ ਜਾਂਚ ਲਈ ਖੇਤਰ ਨੂੰ ਘੇਰ ਲਿਆ ਹੈ, ਜਦਕਿ ਟ੍ਰੈਫਿਕ ਨੂੰ ਮੋੜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਖੇਤਰ ਵਿੱਚ ਧਮਾਕਾ ਹੋਇਆ ਸੀ, ਉਥੇ ਬਹੁਤ ਭੀੜ ਰਹਿੰਦੀ ਹੈ। ਫਿਲਹਾਲ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।