ਐਮਾਜ਼ਾਨ ਦੇ ਅਰਬਪਤੀ ਸੰਸਥਾਪਕ ਜੇਫ ਬੇਜ਼ੋਸ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਰਾਕੇਟ ਕੰਪਨੀ ਬਲੂ ਓਰਿਜਿਨ ਰਾਹੀਂ ਪੁਲਾੜ ਯਾਤਰਾ ਕਰਨ ਜਾਂ ਰਹੇ ਹਨ। ਇਸ ਦੌਰਾਨ 1960 ਵਿੱਚ ਨਾਸਾ ਦੇ ਪੁਲਾੜ ਯਾਤਰੀ ਸਿਖਲਾਈ ਪ੍ਰੋਗਰਾਮ ਵਿੱਚ ਪਾਸ ਹੋਈਆਂ 13 ਮਹਿਲਾਵਾਂ ਵਿੱਚੋਂ ਇੱਕ ਵੈਲੀ ਫੰਕ ਵੀ ਉਨ੍ਹਾਂ ਨਾਲ ਸ਼ਾਮਿਲ ਹੋਵੇਗੀ। ਦਰਅਸਲ, ਬਲੂ ਓਰਿਜਿਨ ਨੇ ਵੀਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ’82 ਸਾਲ ਦੀ ਵੈਲੀ ਫੰਕ ਪੁਲਾੜ ਵਿੱਚ ਯਾਤਰਾ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਜਿਆਦਾ ਉਮਰ ਦੀ ਇਨਸਾਨ ਹੋਵੇਗੀ। ਇਸ ਦੇ ਨਾਲ ਹੀ ਵੈਲੀ ਫੰਕ ਨੇ ਕੰਪਨੀ ਦੀ ਵੈਬਸਾਈਟ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਹੈ ਕਿ ‘ਮੈਂ ਨਹੀਂ ਸੋਚਿਆ ਸੀ ਕਿ ਮੈਂ ਕਦੇ ਉੱਪਰ ਜਾਵਾਂਗੀ।
ਜਾਣਕਾਰੀ ਦੇ ਅਨੁਸਾਰ, 21 ਸਾਲ ਦੀ ਉਮਰ ਵਿੱਚ, ਵੈਲੀ ਨੇ ਪਾਇਲਟ ਦੇ ਰੂਪ ਵਿੱਚ ਨਾਸਾ ਪ੍ਰੋਗਰਾਮ ਵਿੱਚ ਮਰਕਰੀ ਸੱਤ ਪੁਰਸ਼ ਪੁਲਾੜ ਯਾਤਰੀਆਂ ਵਾਂਗ ਹੀ ਸਖਤ ਪ੍ਰੀਖਿਆ ਪਾਸ ਕੀਤੀ ਸੀ, ਪਰ ਉਹ 13 ਔਰਤਾਂ ਦੇ ਸਮੂਹ ਵਿੱਚ ਸਭ ਤੋਂ ਛੋਟੀ ਸੀ। ਇਸ ਕਾਰਨ ਉਸ ਨੂੰ ਪੁਲਾੜ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਜਾਣਕਾਰੀ ਦੇ ਅਨੁਸਾਰ, ਵੈਲੀ ਫੰਕ ਇੱਕ ਯੂਐਸ ਦੇ ਮਿਲਟਰੀ ਬੇਸ ਵਿੱਚ ਪਹਿਲੀ ਔਰਤ ਫਲਾਈਟ ਇੰਸਟ੍ਰਕਟਰ ਸੀ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸਿਕਿਓਰਿਟੀ ਬੋਰਡ ਲਈ ਏਅਰ ਸੁੱਰਖਿਆ ਜਾਂਚਕਰਤਾ ਬਨਣ ਵਾਲੀ ਪਹਿਲੀ ਔਰਤ ਵੀ ਹੈ। ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਬੇਜ਼ੋਸ ਆਪਣੀ ਯਾਤਰਾ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।