ਜੇਬੀਟੀ (ਜੂਨੀਅਰ ਬੇਸਿਕ ਟ੍ਰੇਨਿੰਗ) ਭਰਤੀ ਘੁਟਾਲੇ ਵਿੱਚ ਸਜ਼ਾ ਕੱਟ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਤਰਫੋਂ ਇਹ ਜਾਣਕਾਰੀ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੂੰ ਦਿੱਤੀ ਗਈ ਹੈ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਬੀਤੀ ਰਾਤ ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਕੁੱਝ ਕਾਗਜ਼ੀ ਕਾਰਵਾਈ ਬਾਕੀ ਹੈ। ਜਿਵੇਂ ਹੀ ਉਹ ਪੂਰੀ ਹੋ ਜਾਵੇਗੀ, ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤੇ ਜਾਣਗੇ।
ਹਾਲਾਂਕਿ ਓਮ ਪ੍ਰਕਾਸ਼ ਚੌਟਾਲਾ ਅਜੇ ਵੀ ਤਿਹਾੜ ਜੇਲ੍ਹ ਤੋਂ ਬਾਹਰ ਹੀ ਹਨ, ਪਰ ਉਨ੍ਹਾਂ ਨੂੰ ਹੁਣ ਜੇਲ੍ਹ ਜਾਣ ਦੀ ਜ਼ਰੂਰਤ ਨਹੀਂ ਪਏਗੀ।ਵਕੀਲ ਦਾ ਕਹਿਣਾ ਹੈ ਕਿ ਸਜ਼ਾ ਹੋਣ ਤੋਂ ਲੈ ਕੇ ਕੱਲ੍ਹ ਤੱਕ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਸਾਰੀਆਂ ਸਰਕਾਰੀ ਛੋਟਾਂ ਸਮੇਤ ਪੂਰੀ ਹੋ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਜੇਬੀਟੀ ਭਰਤੀ ਘੁਟਾਲੇ ਵਿੱਚ 2013 ਵਿੱਚ 10 ਸਾਲ ਕੈਦ ਦੀ ਸਜਾ ਸੁਣਾਈ ਗਈ ਸੀ।
ਚੌਧਰੀ ਓਮਪ੍ਰਕਾਸ਼ ਚੌਟਾਲਾ ਪੰਜ ਵਾਰ (1970, 1990, 1993, 1996 ਅਤੇ 2000) ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। 1989 ਵਿੱਚ, ਓਮ ਪ੍ਰਕਾਸ਼ ਚੌਟਾਲਾ ਪਹਿਲੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 1990, 1991 ਅਤੇ 1999 ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵੀ ਜਿੱਤੀ ਸੀ। 1999 ਵਿੱਚ, ਓਮ ਪ੍ਰਕਾਸ਼ ਚੌਟਾਲਾ ਨਰਵਾਣਾ ਅਤੇ ਰੋੜੀ ਦੋਵਾਂ ਹਲਕਿਆਂ ਤੋਂ ਜਿੱਤੇ ਸਨ। ਇਨ੍ਹਾਂ ਦੋਵਾਂ ਵਿਕਲਪਾਂ ਵਿੱਚੋਂ ਓਮ ਪ੍ਰਕਾਸ਼ ਚੌਟਾਲਾ ਨਰਵਾਣਾ ਹਲਕੇ ਨੂੰ ਆਪਣੇ ਲਈ ਬਿਹਤਰ ਮੰਨਦੇ ਸਨ। ਜਿਵੇਂ ਹੀ ਓਮਪ੍ਰਕਾਸ਼ ਚੌਟਾਲਾ ਜੇਲ੍ਹ ਤੋਂ ਬਾਹਰ ਆਉਂਦੇ ਹਨ, ਰਾਜ ਦੀ ਰਾਜਨੀਤੀ ਵਿੱਚ ਹਲਚਲ ਇੱਕ ਵਾਰ ਫਿਰ ਤੇਜ਼ ਹੋ ਸਕਦੀ ਹੈ।