ਅੰਤਰਰਾਸ਼ਟਰੀ ਮੁਦਰਾ ਫੰਡ ਨੇ ਤਾਲਿਬਾਨ ਨੂੰ ਦਿੱਤਾ ਵੱਡਾ ਝੱਟਕਾ, ਅਫਗਾਨਿਸਤਾਨ ਨੂੰ ਦਿੱਤੀ ਜਾਂਦੀ ਸਾਰੀ ਵਿੱਤੀ ਸਹਾਇਤਾ ‘ਤੇ ਲਾਈ ਰੋਕ

imf blocks afghanistan funds

ਤਾਲਿਬਾਨ ਨੇ ਇੱਕ ਵਾਰ ਫਿਰ ਲੰਬੇ ਸਮੇ ਬਾਅਦ ਅਫਗਾਨਿਸਤਾਨ ਨੂੰ ਆਪਣੇ ਕਬਜੇ ਅਧੀਨ ਕਰ ਲਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਅਫਗਾਨਿਸਤਾਨ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਨੇ ਪੂਰੀ ਦੁਨੀਆ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਅਫਗਾਨਿਸਤਾਨ ਤੋਂ ਕੁੱਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਹੁਣ ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਲੀਡਰਸ਼ਿਪ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਕੌਮਾਂਤਰੀ ਮੁਦਰਾ ਫੰਡ ਜਾਂ ਆਈਐਮਐਫ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਸਾਰੀ ਵਿੱਤੀ ਸਹਾਇਤਾ ਰੋਕ ਦਿੱਤੀ ਹੈ।

ਆਈਐਮਐਫ ਦੇ ਬੁਲਾਰੇ ਗੈਰੀ ਰਾਈਸ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ ਹੈ। ਟਵੀਟ ‘ਚ ਉਨ੍ਹਾਂ ਨੇ ਲਿਖਿਆ,’ ਹਮੇਸ਼ਾ ਦੀ ਤਰ੍ਹਾਂ। ਆਈਐਮਐਫ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਚਾਰਾਂ ਦੁਆਰਾ ਚਲਾਇਆ ਜਾਂਦਾ ਹੈ। ਇਸ ਵੇਲੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਅਫਗਾਨਿਸਤਾਨ ਦੀ ਸਰਕਾਰ ਬਾਰੇ ਸਪੱਸ਼ਟਤਾ ਦੀ ਘਾਟ ਹੈ। ਨਤੀਜੇ ਵਜੋਂ, ਇਹ ਦੇਸ਼ ਐਸਡੀਆਰ ਜਾਂ ਆਈਐਮਐਫ ਦੇ ਹੋਰ ਸਰੋਤਾਂ ਤੱਕ ਪਹੁੰਚ ਨਹੀਂ ਕਰ ਸਕਦਾ। ਮਹੱਤਵਪੂਰਨ ਗੱਲ ਇਹ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਉੱਥੇ ਤਾਲਿਬਾਨ ਦੀ ਪਕੜ ਵੱਧ ਗਈ ਅਤੇ ਹੁਣ ਰਾਜਧਾਨੀ ਕਾਬੁਲ ਉੱਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।

ਇਸ ਤੋਂ ਪਹਿਲਾਂ, ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਮੁਖੀ ਨੇ ਵੀ ਬੁੱਧਵਾਰ ਨੂੰ ਕਿਹਾ ਸੀ ਕਿ ਕਬਜ਼ੇ ਦੇ ਬਾਵਜੂਦ, ਤਾਲਿਬਾਨ ਦੀ ਦੇਸ਼ ਦੇ ਜ਼ਿਆਦਾਤਰ ਨਕਦੀ ਅਤੇ ਸੋਨੇ ਦੇ ਭੰਡਾਰਾਂ ਤੱਕ ਪਹੁੰਚ ਨਹੀਂ ਹੋਵੇਗੀ। ਅਫਗਾਨਿਸਤਾਨ ਬੈਂਕ (ਡੀਏਬੀ) ਦੇ ਗਵਰਨਰ ਅਜਮਲ ਅਹਿਮਦੀ ਨੇ ਟਵਿੱਟਰ ‘ਤੇ ਕਿਹਾ ਕਿ ਬੈਂਕ ਕੋਲ ਲੱਗਭਗ 9 ਬਿਲੀਅਨ ਡਾਲਰ ਦਾ ਭੰਡਾਰ ਹੈ, ਪਰ ਇਸ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਬੈਂਕਾਂ ਵਿੱਚ ਹਨ, ਜੋ ਤਾਲਿਬਾਨ ਦੀ ਪਹੁੰਚ ਤੋਂ ਬਾਹਰ ਹਨ। ਅਹਮਦੀ ਵੀ ਐਤਵਾਰ ਨੂੰ ਤਾਲਿਬਾਨ ਦੇ ਰਾਜਧਾਨੀ ਵਿੱਚ ਦਾਖਲ ਹੋਣ ਦੇ ਡਰੋਂ ਦੇਸ਼ ਛੱਡ ਕੇ ਭੱਜ ਗਏ ਸੀ, ਉਨ੍ਹਾਂ ਨੇ ਕਿਹਾ, “ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ, ਜ਼ਿਆਦਾਤਰ ਸੰਪਤੀਆਂ ਸੁਰੱਖਿਅਤ ਹਨ, ਤਰਲ ਸੰਪਤੀਆਂ ਜਿਵੇਂ ਕਿ ਖਜ਼ਾਨੇ ਅਤੇ ਸੋਨਾ।”

Leave a Reply

Your email address will not be published. Required fields are marked *