ਜਾਣੋ ਕਿਹੜੀਆਂ ਚੀਜ਼ਾਂ ਤੁਹਾਡੇ ਇਮਿਊਨ ਸਿਸਟਮ ਨੂੰ ਕਰਦੀਆਂ ਨੇ ਕਮਜ਼ੋਰ !

Immune system weaken

ਕੋਵਿਡ-19 ਦੇ ਚਲਦੇ ਆਪਣਾ ਬਚਾਅ ਰੱਖਣ ਦੇ ਨਾਲ immune system ਨੂੰ ਮਜ਼ਬੂਤ ​​ਰੱਖਣਾ ਵੀ ਸਭ ਤੋਂ ਅਹਿਮ ਹੈ। ਭੋਜਨ ਉਹ ਖਾਓ ਜੋ ਤੁਹਾਡੇ ਲਈ ਸਹੀ ਹੈ ਅਤੇ ਖਾਓ ਪੀਓ ਵੀ ਓਂਨਾ ਹੀ ਜਿੰਨੀ ਤੁਹਾਡੇ ਸਰੀਰ ਨੂੰ ਲੋੜ ਹੈ, ਖ਼ਾਸਕਰ ਉਹਨਾਂ ਚੀਜ਼ਾਂ ਦਾ ਸੇਵਨ ਸੋਚ ਕੇ ਕਰੋ, ਜਿੰਨਾ ਦੀ ਜ਼ਿਆਦਾ ਮਾਤਰਾ ਤੁਹਾਡੇ ਸਰੀਰ ਲਈ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ। ਇਸ ਲਈ ਸੁਚੇਤ ਰਹੋ ਅਤੇ ਯਾਦ ਰੱਖੋ ਖਾਣ-ਪੀਣ ਦੀਆਂ ਵਸਤੂਆਂ ਨੂੰ ਠੀਕ ਮਾਤਰਾ ‘ਚ ਹੀ ਖਾਇਆ ਜਾਵੇ। ਕੋਰੋਨਾਵਾਇਰਸ ਮਹਾਂਮਾਰੀ ਕਾਰਨ ਇਹ ਚੁਣਨਾ ਵੀ ਜ਼ਰੂਰੀ ਹੈ ਕਿ ਕਿਹੜੀ ਚੀਜ਼ ਘੱਟ ਖਾਧੀ ਜਾਵੇ ਤੇ ਕਿਹੜੀ ਵੱਧ, ਅਤੇ ਕਿਹੜੀ ਚੀਜ਼ ਦਾ ਜ਼ਿਆਦਾ ਸੇਵਨ ਸਾਡੇ ਲਈ ਖ਼ਤਰਨਾਕ ਹੈ, ਸੋ ਆਓ ਅੱਜ ਉਹਨਾਂ ਚੀਜ਼ਾਂ ਬਾਰੇ ਦੱਸਦੇ ਹਾਂ।

ਜ਼ਿਆਦਾ ਸ਼ਰਾਬ ਪੀਣੀ ਖ਼ਤਰਨਾਕ: ਪਿਛਲੇ ਕੁੱਝ ਦਿਨਾਂ ਤੋਂ ਅਜਿਹੀਆਂ ਗੱਲਾਂ ਸੁਣਨ ‘ਚ ਆਈਆਂ ਸਨ ਕਿ ਜੇਕਰ ਅਲਕੋਹਲ ਯੁਕਤ ਸੈਨੇਟਾਈਜ਼ਰ ਦਾ ਸਤਹਿ ਅਤੇ ਹੱਥਾਂ ‘ਤੇ ਉਪਯੋਗ ਕਰਨ ਨਾਲ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ ਤਾਂ ਅਲਕੋਹਲ ਯੁਕਤ ਸ਼ਰਾਬ ਪੀਣ ਨਾਲ ਵੀ ਇਸਦਾ ਖਾਤਮਾ ਹੋ ਸਕਦਾ ਹੈ, ਜਦਕਿ ਅਜਿਹੀ ਕਿਸੇ ਤਰ੍ਹਾਂ ਦੀ ਜਾਣਕਾਰੀ ਦਾ ਵਿਵਰਣ ਕਿਤੇ ਵੀ ਨਜ਼ਰੀਂ ਨਹੀਂ ਪਿਆ। ਸੋ ਧਿਆਨ ਰਹੇ ਕਿ ਥੋੜ੍ਹੇ ਸਮੇਂ ਲਈ ਵੀ ਕੀਤਾ “ਅਲਕੋਹਲ” ਦਾ ਬਹੁਤ ਜ਼ਿਆਦਾ ਸੇਵਨ ਤੁਹਾਡੇ immune system ਕਮਜ਼ੋਰ ਬਣਾ ਸਕਦਾ ਹੈ ਅਤੇ ਤੁਹਾਡੇ ਉਹਨਾਂ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੋ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹਨ।

ਕੈਫੀਨ ਦੀ ਜ਼ਿਆਦਾ ਮਾਤਰਾ: ਚਾਹ ਅਤੇ ਕਾਫ਼ੀ ਦਾ ਸੇਵਨ ਕਿਸੇ ਹੱਦ ਤੱਕ ਠੀਕ ਹੈ, ਪਰ ਜੇ ਤੁਸੀਂ ਇਹਨਾਂ ‘ਚ ਮੌਜੂਦ ਕੈਫ਼ੀਨ ਦੇ ਆਦੀ ਹੋ ਚੁੱਕੇ ਹੋ ਤਾਂ ਥੋੜਾ ਧਿਆਨ ਰੱਖੋ, ਪੀਓ ਪਰ ਸੀਮਤ, ਕਿਉਂਕਿ ਬਹੁਤ ਜ਼ਿਆਦਾ ਕੈਫ਼ੀਨ ਤੁਹਾਡੀ ਨੀਂਦ ਵਿੱਚ ਵਿਘਨ ਪਾ ਸਕਦੀ ਹੈ, ਅਤੇ ਨੀਂਦ ਪੂਰੀ ਨਾ ਹੋਣ ਕਾਰਨ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

ਜੰਕ ਫ਼ੂਡ: ਜੰਕ ਫ਼ੂਡ ਦਾ ਸੇਵਨ ਤੁਹਾਡੇ ਲਈ ਬਿਲਕੁਲ ਸਹੀ ਨਹੀਂ ਹੈ। ਰੋਜ਼ਾਨਾ ਇੱਕੋ ਜਿਹਾ ਭੋਜਨ ਗ੍ਰਹਿਣ ਕਰਕੇ ਜੇਕਰ ਤੁਹਾਡਾ ਮਨ ਅੱਕ ਗਿਆ ਹੈ ਤਾਂ ਬਿਲਕੁਲ ਘੱਟ ਮਾਤਰਾ ਤੇਲ ਜਾਂ ਘਿਓ ‘ਚ ਘਰ ਬਣੇ ਹੋਏ ਪਦਾਰਥ ਦਾ ਸੇਵਨ ਕਰ ਸਕਦੇ ਹੋ ਪਰ ਹਫ਼ਤੇ ‘ਚ ਇੱਕ ਵਾਰ ਉਹ ਵੀ ਬਹੁਤ ਘੱਟ ਮਾਤਰਾ/ ਗਿਣਤੀ ‘ਚ ! ਪਰ ਬਿਹਤਰ ਇਹੀ ਹੋਵੇਗਾ ਕਿ ਚੱਲ ਰਹੇ ਇਸ ਘਾਤਕ ਸਮੇਂ ‘ਚ ਸਿਰਫ਼ ਪੌਸ਼ਟਿਕ ਆਹਾਰ ਹੀ ਲਓ ਅਤੇ ਉਪਰੋਕਤ ਗੱਲਾਂ ਨੂੰ ਜ਼ਰੂਰ ਵਿਚਾਰੋ ਕਿਉਂਕਿ ਸਿਹਤ ਚੰਗੀ ਹੋਵੇਗੀ ਤਾਂ ਹੀ ਜਹਾਨ ਖੂਬਸੂਰਤ ਲੱਗੇਗਾ।

ਖੰਡ ਦਾ ਸੇਵਨ ਘੱਟ: ਵਧੀ ਹੋਈ ਸ਼ੂਗਰ ਨੂੰ ਘੱਟ ਕਰਨਾ ਮੁਸ਼ਕਿਲ ਖੜੀ ਕਰ ਸਕਦਾ ਹੈ, ਇਸ ਲਈ ਚੀਨੀ ਹਿਸਾਬ ਨਾਲ ਖਾਓ, ਸੰਭਲ ਕੇ ਖਾਓ। ਖਾਸਕਰ ਮੌਜੂਦਾ ਸਮੇਂ ਨੂੰ ਦੇਖਦਿਆਂ ਸ਼ੂਗਰ ਦੇ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ ਕਿ ਖੰਡ ਜਾਂ ਖੰਡ ਯੁਕਤ ਪਦਾਰਥ ਦਾ ਸੇਵਨ ਘਟਾਓ। ਜੇ ਤੁਸੀਂ ਤਣਾਅ ‘ਚ ਹੋਣ ਵਾਲੀ ਸ਼ੂਗਰ ਕਰੇਵਿੰਗ ਦਾ ਸਾਹਮਣਾ ਕਰਦੇ ਹੋ ਤਾਂ ਘੱਟ ਮਿੱਠੇ ਵਾਲੇ ਫਲ ਖਾਓ ਜੋ ਤੁਹਾਡੀ ਸਿਹਤ ਲਈ ਚੰਗੇ ਹਨ।

ਨਮਕ ਦਾ ਘੱਟ ਸੇਵਨ: ਨਮਕ ਇੱਕ ਖਣਜੀ ਪਦਾਰਥ ਹੁੰਦਾ ਹੈ, ਜਿਸਨੂੰ ਸੋਡੀਅਮ ਕਲੋਰਾਈਡ ਕੈਮੀਕਲ ਫਾਰਮੂਲਾ ਕਿਹਾ ਗਿਆ ਹੈ। ਨਮਕ 40 ਪ੍ਰਤੀਸ਼ਤ ਸੋਡੀਅਮ ਅਤੇ 60 ਪ੍ਰਤੀਸ਼ਤ ਕਲੋਰਾਈਡ ਦਾ ਬਣਿਆ ਹੁੰਦਾ ਹੈ, ਜੋ ਕਿ ਮਨੁੱਖ ਲਈ ਮਹੱਤਵਪੂਰਣ ਹੈ ਕਿਉਂਕਿ ਨਮਕ ਖੂਨ ‘ਚ ਪਾਣੀ ਦੀ ਮਾਤਰਾ ਬਣਾਈ ਰੱਖਣ ‘ਚ ਸਹਾਇਤਾ ਕਰਨ ਦੇ ਨਾਲ ਐਸਿਡ ਦੇ ਅਧਾਰ ਨੂੰ ਸੰਤੁਲਿਤ ਕਰਦਾ ਹੈ, ਜਿਸ ਨਾਲ ਮਾਸਪੇਸ਼ੀਆਂ ਅਤੇ ਨਾੜੀਆਂ ਨੂੰ ਆਸਾਨੀ ਨਾਲ ਕੰਮ ਕਰਨ ‘ਚ ਮਦਦ ਮਿਲਦੀ ਹੈ। ਪਰ ਬਹੁਤ ਜ਼ਿਆਦਾ ਨਮਕ ਦਾ ਸੇਵਨ ਖਤਰੇ ਤੋਂ ਖਾਲੀ ਨਹੀਂ ਹੈ, ਖ਼ਾਸਕਰ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ਼ ਹੈ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਨਮਕ ਦਾ ਸੇਵਨ ਬਹੁਤ ਹੀ ਘੱਟ ਮਾਤਰਾ ‘ਚ ਕਰਨਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ ਜ਼ਰੂਰ ਖਾਓ: ਹਰੇ ਰੰਗ ਦੀਆਂ ਸਬਜ਼ੀਆਂ ਤੁਹਾਡੀ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਲਈ ਵਿਸ਼ੇਸ਼ ਤੌਰ ‘ਤੇ ਮਦਦਗਾਰ ਸਾਬਿਤ ਹੋ ਸਕਦੀਆਂ ਹਨ, ਇਸ ਲਈ ਕੋਸ਼ਿਸ਼ ਕਰੋ ਕਿ ਹਰੀਆਂ ਸਬਜ਼ੀਆਂ ਦਾ ਸੇਵਨ ਲੋੜ ਅਨੁਸਾਰ ਜਰੂਰ ਕੀਤਾ ਜਾਵੇ।

Likes:
0 0
Views:
32
Article Categories:
Health

Leave a Reply

Your email address will not be published. Required fields are marked *