ਇੱਕ 36 ਸਾਲਾ ਭਾਰਤੀ ਮਹਿਲਾ ਨੇ ਯੂਕੇ ਵਿੱਚ ਆਪਣੇ ਘਰ ਵਿੱਚ ਆਪਣੀ ਪੰਜ ਸਾਲਾਂ ਦੀ ਧੀ ਦੀ ਹੱਤਿਆ ਕਰਨ ਦਾ ਦੋਸ਼ ਕਬੂਲਿਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਕੋਵਿਡ -19 ਕਾਰਨ ਮਰਨ ਦਾ ਡਰ ਉਸ ਨੂੰ ਸਤਾ ਰਿਹਾ ਸੀ ਅਤੇ ਸੋਚਿਆ ਸੀ ਕਿ ਉਸਦੀ ਛੋਟੀ ਬੱਚੀ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਇੱਕ ਮੀਡੀਆ ਰਿਪੋਰਟ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਦੇ ਅਨੁਸਾਰ, ਸੁਧਾ ਸ਼ਿਵਨਾਥਮ ਨੇ ਪਿਛਲੇ ਸਾਲ 30 ਜੂਨ ਨੂੰ ਦੱਖਣੀ ਲੰਡਨ ਵਿੱਚ ਆਪਣੇ ਫਲੈਟ ਦੇ ਬੈਡਰੂਮ ਵਿੱਚ ਆਪਣੀ ਧੀ ਸਿਆਗੀ ਨੂੰ 15 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਵੀ ਆਪਣੇ ਆਪ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਲਿਆ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਪਤੀ ਨੇ ਕਿਹਾ ਕਿ ਉਹ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਡਰਦੀ ਸੀ ਅਤੇ ਹੋ ਸਕਦਾ ਹੈ ਕਿ ਉਹ ਲੌਕਡਾਊਨ ਪਬੰਦੀਆਂ ਕਾਰਨ ਇਕੱਲਾਪਨ ਮਹਿਸੂਸ ਕਰ ਰਹੀ ਹੋਵੇ ਅਤੇ ਉਸ ਨੂੰ ਕੋਈ ਰਸਤਾ ਨਾ ਸੂਝਿਆ ਹੋਵੇ। ਵੀਰਵਾਰ ਨੂੰ ਓਲਡ ਬੈਲੀ ਵਿੱਚ ਪੇਸ਼ ਹੋਈ ਸ਼ਿਵਨਾਥਮ ਨੇ ਆਪਣੇ ਅਪਰਾਧ ਬਾਰੇ ਮੰਨਿਆ ਹੈ। ਹੁਣ ਉਸ ਨੂੰ ਹਸਪਤਾਲ ਵਿੱਚ ਅਣਮਿਥੇ ਸਮੇਂ ਲਈ ਰੱਖਿਆ ਜਾਵੇਗਾ। ਸਿਵਨਾਥਮ, ਜੋ ਵਿਆਹ ਤੋਂ ਬਾਅਦ 2006 ਤੋਂ ਬ੍ਰਿਟੇਨ ਵਿੱਚ ਰਹਿ ਰਹੀ ਹੈ, ਨੇ ਮਹਾਂਮਾਰੀ ਤੋਂ ਇੱਕ ਸਾਲ ਪਹਿਲਾਂ ਰਹੱਸਮਈ ਬਿਮਾਰੀ ਦੀ ਸ਼ਿਕਾਇਤ ਕੀਤੀ ਸੀ। ਵਕੀਲ ਨੇ ਕਿਹਾ ਕਿ ਉਹ ਗੰਭੀਰ ਰੂਪ ਵਿੱਚ ਬੀਮਾਰ ਸੀ ਅਤੇ ਉਸਨੂੰ ਯਕੀਨ ਸੀ ਕਿ ਉਹ ਮਰਨ ਜਾ ਰਹੀ ਹੈ।
ਹਮਲੇ ਵਾਲੇ ਦਿਨ ਉਸਨੇ ਆਪਣੇ ਪਤੀ ਨੂੰ ਕੰਮ ਤੇ ਨਾ ਜਾਣ ਦੀ ਅਪੀਲ ਕੀਤੀ ਅਤੇ ਦੋਸਤਾਂ ਨੂੰ ਫੋਨ ਕਰ ਕਿਹਾ ਕਿ ਉਹ ਬੀਮਾਰ ਹੈ। ਜਦੋਂ ਗੁਆਂਢੀ ਸ਼ਾਮ 4 ਵਜੇ ਮਿਚਮ ਦੇ ਮੋਨਾਰਕ ਪਰੇਡ ਫਲੈਟ ਵਿੱਚ ਗਏ ਤਾਂ ਉਨ੍ਹਾਂ ਨੇ ਸਿਵਾਨਥਮ ਨੂੰ ਜ਼ਖਮੀ ਪਾਇਆ। ਬੈੱਡ ‘ਤੇ ਪਏ ਸਿਆਗੀ ਦੇ ਗਲੇ, ਛਾਤੀ ਅਤੇ ਪੇਟ ਵਿੱਚ ਬਹੁਤ ਸਾਰੇ ਜ਼ਖਮ ਹੋਏ ਸਨ। ਸੁਧਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਪੁਲਿਸ ਹਿਰਾਸਤ ਤੋਂ ਰਿਹਾ ਹੋਣ ਤੋਂ ਪਹਿਲਾਂ ਉਸ ਦਾ ਦੋ ਮਹੀਨਿਆਂ ਤੋਂ ਵੱਧ ਇਲਾਜ ਚੱਲ ਰਿਹਾ ਸੀ। ਉਸ ਨੂੰ ਮਾਨਸਿਕ ਸਿਹਤ ਐਕਟ ਦੀ ਧਾਰਾ 37 ਅਤੇ 41 ਤਹਿਤ ਇਲਾਜ ਲਈ ਹਸਪਤਾਲ ਭੇਜਿਆ ਗਿਆ ਸੀ।