ਹਿਮਾਚਲ ‘ਚ Landslide ਕਾਰਨ ਵਾਪਰਿਆ ਭਿਆਨਕ ਹਾਦਸਾ, ਮਲਬੇ ‘ਚ ਦੱਬੀਆਂ ਬੱਸ ਸਮੇਤ ਕਈ ਗੱਡੀਆਂ

kinnaur landslide incident

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਜ਼ਮੀਨ ਖਿਸਕਣ ਕਾਰਨ ਯਾਤਰੀਆਂ ਨਾਲ ਭਰੀ ਬੱਸ ਮਲਬੇ ਵਿੱਚ ਦੱਬ ਗਈ। ਬੱਸ ਤੋਂ ਇਲਾਵਾ ਕਈ ਵਾਹਨ ਵੀ ਮਲਬੇ ਹੇਠ ਦੱਬੇ ਗਏ। ਇਸ ਹਾਦਸੇ ਵਿੱਚ ਕਰੀਬ 50-60 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਹਿਮਾਚਲ ਸਰਕਾਰ ਵੱਲੋਂ ਹੁਣ ਤੱਕ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਦਕਿ 6 ਲੋਕ ਜ਼ਖਮੀ ਹੋਏ ਹਨ ਅਤੇ 30 ਲਾਪਤਾ ਹਨ। ਇਹ ਹਾਦਸਾ ਕਿੰਨੌਰ ਜ਼ਿਲ੍ਹੇ ਦੇ ਚੌਰਾ ਵਿੱਚ ਮੌਜੂਦ ਰਾਸ਼ਟਰੀ ਰਾਜ ਮਾਰਗ ਉੱਤੇ ਵਾਪਰਿਆ, ਜਿੱਥੇ ਪਹਾੜ ਤੋਂ ਚੱਟਾਨਾਂ ਡਿੱਗ ਗਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਪੱਥਰ ਡਿੱਗਣ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ 10 ਲੋਕਾਂ ਨੂੰ ਬਚਾ ਲਿਆ ਗਿਆ ਹੈ। ਲਾਪਤਾ ਬੱਸ ਦੀ ਭਾਲ ਜਾਰੀ ਹੈ।

ਇਸ ਦੇ ਨਾਲ ਹੀ ਆਈਟੀਬੀਪੀ ਨੇ 50 ਤੋਂ 60 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਮੀਂਹ ਅਤੇ ਮੌਸਮ ਦੇ ਕਾਰਨ ਬਚਾਅ ਵਿੱਚ ਮੁਸ਼ਕਿਲ ਆ ਰਹੀ ਹੈ। ਆਈਟੀਬੀਪੀ ਦੇ ਪੀਆਰਓ ਨੇ ਦੋ ਬੱਸਾਂ ਦੇ ਫਸੇ ਹੋਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ। ਆਈਟੀਬੀਪੀ ਦੇ 300 ਕਰਮਚਾਰੀ ਬਚਾਅ ਵਿੱਚ ਲੱਗੇ ਹੋਏ ਹਨ। ਇਸ ਹਾਦਸੇ ਵਿੱਚ ਹੁਣ ਤੱਕ ਬੱਸ ਡਰਾਈਵਰ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ। ਡਰਾਈਵਰ ਅਨੁਸਾਰ ਜ਼ਮੀਨ ਖਿਸਕਣ ਕਾਰਨ ਕੁੱਝ ਵਾਹਨ ਸਤਲੁਜ ਦਰਿਆ ਵਿੱਚ ਡਿੱਗ ਗਏ ਹਨ। ਕਿੰਨੌਰ ਪੁਲਿਸ ਨੇ ਹੈਲਪਲਾਈਨ ਨੰਬਰ 1786222873 ਵੀ ਜਾਰੀ ਕੀਤਾ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਫ਼ੋਨ ‘ਤੇ ਗੱਲ ਕੀਤੀ ਹੈ ਅਤੇ ਕਿੰਨੌਰ ਹਾਦਸੇ ਬਾਰੇ ਜਾਣਕਾਰੀ ਲਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇਸ ਹਾਦਸੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਗੱਲਬਾਤ ਕੀਤੀ ਹੈ। ਗ੍ਰਹਿ ਮੰਤਰੀ ਨੇ ਆਈਟੀਬੀਪੀ ਦੇ ਡੀਜੀ ਨਾਲ ਗੱਲ ਕਰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਇਸ ਹਾਦਸੇ ‘ਤੇ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਚਾਅ ਕਾਰਜ ਜਾਰੀ ਹਨ, ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੂੰ ਬਚਾਅ ਕਾਰਜ ਛੇਤੀ ਤੋਂ ਛੇਤੀ ਕਰਨ ਲਈ ਕਿਹਾ ਜਾ ਰਿਹਾ ਹੈ।

Leave a Reply

Your email address will not be published. Required fields are marked *