ਕੈਨੇਡਾ ਜਾ ਕੇ ਧੋਖਾ ਦੇਣ ਵਾਲਿਆਂ ਦੀ ਹੁਣ ਖੈਰ ਨਹੀਂ, ਹੋਵੇਗੀ ਕਾਰਵਾਈ ! ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ PM ਟਰੂਡੋ ਨੂੰ ਲਿਖਿਆ ਪੱਤਰ…

manisha gulati writes letter to trudeau

ਬੀਤੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ 2 ਮਸਲੇ ਮੀਡੀਆ ਦੀਆਂ ਸੁਰਖੀਆਂ ਤੋਂ ਲੈ ਕੇ ਆਮ ਲੋਕਾਂ ਦੀ ਚਰਚਾ ਵਿੱਚ ਹਨ, ਪਹਿਲਾ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ‘ਤੇ ਦੂਜਾ ਵਿਆਹ ਕਰਵਾ ਕੇ ਵਿਦੇਸ਼ ਗਈਆਂ ਪੰਜਾਬੀਆਂ ਕੁੜੀਆਂ ਦਾ। ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ ਜਾਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਹਨ। ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਹੁਣ ਦੇ ਸਮੇਂ ਅਨੇਕਾਂ ਨੌਜਵਾਨ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਹੁਣ ਤਾਜ਼ਾ ਮਾਮਲਾ ਲਵਪ੍ਰੀਤ ਦਾ ਹੀ ਦੇਖਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਇਸ ਤਰਾਂ ਦੇ ਅਨੇਕਾਂ ਹੀ ਮਾਮਲੇ ਸਾਹਮਣੇ ਆਏ ਹਨ, ਇਸੇ ਦੇ ਚਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੂੰ ਇੱਕ ਪੱਤਰ ਲਿਖਿਆ ਹੈ ਜਿਸ ‘ਚ ਦਿਨੋ-ਦਿਨ ਵੱਧਦੇ ਜਾ ਰਹੇ ਧੋਖੇਧੜੀ ਦੇ ਮਾਮਲਿਆਂ ਬਾਰੇ ਉਨ੍ਹਾਂ ਸਾਹਮਣੇ ਕੁੱਝ ਗੱਲਾਂ ਰੱਖੀਆਂ ਗਈਆਂ ਹਨ।

ਪ੍ਰਧਾਨ ਮੰਤਰੀ Trudeau ਨੂੰ ਲਿਖੇ ਗਏ ਪੱਤਰ ਸਬੰਧੀ ਮਨੀਸ਼ਾ ਗੁਲਾਟੀ ਨੇ ਆਪਣੇ ਫੇਸਬੁੱਕ ਅਕਾਊਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ਕਿ, ਅੱਜ ਮੈਂ ਕੈਨੇਡਾ ਦੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ Justin Trudeau ਜੀ ਨੂੰ ਇੱਕ ਪੱਤਰ ਲਿਖਿਆ ਹੈ ਜਿਸ ‘ਚ ਦਿਨੋ-ਦਿਨ ਵੱਧਦੇ ਧੋਖੇਧੜੀ ਦੇ ਮਾਮਲੇ ਬਾਰੇ ਗੱਲ੍ਹਾਂ ਸਾਹਮਣੇ ਰੱਖੀਆਂ ਗਈਆਂ ਹਨ। ਮੈਂ, ਕੈਨੇਡਾ ਵਿੱਚ ਕੋਵਿਡ ਨੂੰ ਨਜਿੱਠਣ ਲਈ ਤੁਹਾਡੇ ਦ੍ਰਿੜਤਾਪੂਰਵਕ ਪ੍ਰਬੰਧਨ ਅਤੇ ਇਨ੍ਹਾਂ ਔਕੜਾਂ ਭਰੇ ਸਮੇਂ ਦੌਰਾਨ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਦਿਲੋਂ ਸ਼ੁਭਕਾਮਨਾਵਾਂ ਭੇਜਦੀ ਹਾਂ। ਇਹ ਇੱਕ ਭਿਆਨਕ ਮਹਾਂਮਾਰੀ ਹੈ ਜਿਸ ਨਾਲ ਤੁਸੀਂ ਬਾਖ਼ੂਬੀ ਤਰੀਕੇ ਨਾਲ ਨਜਿੱਠ ਰਹੇ ਹੋ। ਸੱਚਮੁੱਚ, ਤੁਸੀਂ ਭਾਰਤ ਨਾਲ ਸੁਲਹਦੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦ੍ਰਿਸ਼ਟੀ ਅਤੇ ਸਮਝ ਰੱਖਦੇ ਹੋ। ਤੁਸੀਂ ਭਾਰਤੀ ਭਾਈਚਾਰੇ ਦੀ ਨਬਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਖ਼ਾਸਕਰ ਪੰਜਾਬੀਆਂ ਨੂੰ ਜੋ ਤੁਹਾਡੇ ਮਹਾਨ ਦੇਸ਼ ਲਈ ਸਰਵਪੱਖੀ ਵਿਕਾਸ ਲਈ ਨਿਰੰਤਰ ਸੇਵਾ ਕਰ ਰਹੇ ਹਨ।

ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਮ ‘ਤੇ ਨਿਰਦੋਸ਼ ਪੰਜਾਬੀ ਨੌਜਵਾਨਾਂ ਦੇ ਸ਼ੋਸ਼ਣ ਦੇ ਅਣਗਿਣਤ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ‘ਚ ਵਿਆਪਕ ਪਰੇਸ਼ਾਨੀ ਅਤੇ ਨਿਰਾਸ਼ਾ ਪੈਦਾ ਹੋ ਰਹੀ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ (PSWC) ਦੀ ਚੇਅਰਪਰਸਨ ਹੋਣ ਦੇ ਨਾਤੇ ਅਤੇ ਪੰਜਾਬੀ ਡਾਇਸਪੋਰਾ ਦੀ ਨੁਮਾਇੰਦਗੀ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕੁੱਝ ਤੇਜ਼ ਅਤੇ ਸਖਤ ਕਦਮ ਚੁੱਕੇ ਜਾਣ। ਇੱਥੋਂ ਤੱਕ ਕਿ ਇਹ ਖ਼ਬਰਾਂ ਹਨ ਕਿ ਕੁੱਝ ਫਰੌਡ ਲੋਕਾਂ ਨੇ ਵਿਆਹ ਦੇ ਪਾਕ ਰਿਸ਼ਤੇ ਦੀ ਆੜ ਵਿੱਚ ਨਿਰਦੋਸ਼ ਪੰਜਾਬੀਆਂ ਨੂੰ ਧੋਖਾ ਦੇ ਕੇ ਜਲਦੀ ਪੈਸਾ ਬਣਾਇਆ ਹੈ। ਅਜਿਹੇ ਧੋਖੇਬਾਜ਼ ਲੋਕ ਮਨੁੱਖਤਾ ‘ਤੇ ਧੱਬਾ ਹਨ। ਮੈਂ ਤੁਹਾਡੇ ਧੰਨਵਾਦੀ ਹੋਵਾਂਗੀ ਜੇਕਰ ਇੱਕ ਮਜਬੂਤ ਪ੍ਰਣਾਲੀ ਲਾਗੂ ਕੀਤੀ ਜਾਵੇ, ਜਿਸ ਵਿੱਚ ਕੈਨੇਡੀਅਨ ਅਧਿਕਾਰੀ ਅਤੇ PSWC ਤਾਲਮੇਲ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਉਪਰਾਲੇ ਕਰਨ।

Leave a Reply

Your email address will not be published. Required fields are marked *