ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਸਾਰੇ ਕਿਸਾਨ ਵਾਪਿਸ ਆਪਣੇ ਘਰਾਂ ਨੂੰ ਪਰਤ ਰਹੇ ਹਨ। ਉੱਥੇ ਹੀ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਬੁੱਧਵਾਰ 383 ਦਿਨਾਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਆਪਣੇ ਘਰ ਪਰਤ ਰਹੇ ਹਨ। ਟਿਕੈਤ ਮੁਜ਼ੱਫਰਨਗਰ ਦੇ ਸਿਸੌਲੀ ਦੇ ਰਹਿਣ ਵਾਲੇ ਹਨ। ਦੱਸ ਦੇਈਏ ਕਿ ਟਿਕੈਤ ਨੇ ਕਿਹਾ ਸੀ ਕਿ ਜਦੋਂ ਤੱਕ ਕਾਨੂੰਨ ਵਾਪਸੀ ਨਹੀਂ ਓਦੋਂ ਤੱਕ ਘਰ ਵਾਪਸੀ ਨਹੀਂ। ਪਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਅਤੇ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਪ੍ਰਸਤਾਵ ਮਿਲਣ ਤੋਂ ਬਾਅਦ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਮੁਲਤਵੀ ਹੋ ਗਿਆ ਹੈ।
ਘਰ ਪਰਤਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਗਾਜ਼ੀਪੁਰ ਸਰਹੱਦ ਅਤੇ ਇੱਥੇ ਮਿਲੇ ਲੋਕਾਂ ਨੂੰ ਯਾਦ ਕਰਨਗੇ। ਟਿਕੈਤ ਬਾਰਡਰ ‘ਤੇ ਜਿਸ ਅਸਥਾਈ ਝੌਂਪੜੀ ‘ਚ ਰਹਿੰਦੇ ਸੀ, ਉਨ੍ਹਾਂ ਉਸ ‘ਤੇ ਮੱਥਾ ਟੇਕਿਆ ਅਤੇ ਕਿਹਾ ਕਿ ਮੈਂ ਇਸ ਨੂੰ ਵੀ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ। ਟਿਕੈਤ ਨੇ ਭਾਵੁਕ ਹੋ ਕੇ ਕਿਹਾ ਕਿ ਹਰ ਕੋਈ ਹੌਲੀ-ਹੌਲੀ ਜਾ ਰਿਹਾ ਹੈ। ਹੁਣ ਸਿਰਫ਼ ਯਾਦਾਂ ਰਹਿ ਜਾਣਗੀਆਂ।