ਗ੍ਰੇਟਰ ਨੋਇਡਾ ਸਪੋਰਟਸ ਕੰਪਲੈਕਸ ‘ਚ 9 ਸਤੰਬਰ ਤੋਂ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਖੇਡਿਆ ਜਾਣਾ ਹੈ। ਇਸ ਦੇ ਲਈ ਨਿਊਜ਼ੀਲੈਂਡ ਦੀ ਟੀਮ ਭਾਰਤ ਪਹੁੰਚ ਚੁੱਕੀ ਹੈ। ਅਫਗਾਨਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਟੀਮ ਨੇ ਵੱਡਾ ਦਾਅ ਖੇਡਿਆ ਹੈ। ਨਿਊਜ਼ੀਲੈਂਡ ਨੇ ਇਸ ਮੈਚ ਲਈ ਵਿਕਰਮ ਰਾਠੌੜ ਨੂੰ ਆਪਣਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਵਿਕਰਮ ਰਾਠੌਰ ਨੂੰ ਪਹਿਲਾਂ ਰਾਹੁਲ ਦ੍ਰਾਵਿੜ ਦੇ ਕੋਚਿੰਗ ਸਟਾਫ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਟੀਮ ਇੰਡੀਆ ਲਈ ਬੱਲੇਬਾਜ਼ੀ ਕੋਚ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। ਇਸ ਦੌਰਾਨ ਸ਼੍ਰੀਲੰਕਾ ਦੇ ਮਹਾਨ ਗੇਂਦਬਾਜ਼ ਰੰਗਨਾ ਹੇਰਾਥ ਸਪਿਨ ਗੇਂਦਬਾਜ਼ੀ ਕੋਚ ਦੇ ਤੌਰ ‘ਤੇ ਟੀਮ ਨਾਲ ਜੁੜਣਗੇ।
ਨਿਊਜ਼ੀਲੈਂਡ ਨੇ ਅਫਗਾਨਿਸਤਾਨ ਦੇ ਖਿਲਾਫ ਹੋਣ ਵਾਲੇ ਟੈਸਟ ਮੈਚ ਲਈ ਹੀ ਵਿਕਰਮ ਰਾਠੌਰ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ, ਇਸ ਨੂੰ ਭਾਰਤ ਦੇ ਸਪਿਨ ਟ੍ਰੈਕ ਅਤੇ ਅਫਗਾਨਿਸਤਾਨ ਦੇ ਸਪਿਨ ਹਮਲੇ ਦੇ ਮੱਦੇਨਜ਼ਰ ਅਹਿਮ ਫੈਸਲਾ ਮੰਨਿਆ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਟੀਮ ਨੂੰ ਟੀ-20 ਵਿਸ਼ਵ ਕੱਪ ‘ਚ ਸਪਿਨ ਦੇ ਖਿਲਾਫ ਕਾਫੀ ਸੰਘਰਸ਼ ਕਰਨਾ ਪਿਆ ਸੀ। ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਨੂੰ 75 ਦੌੜਾਂ ‘ਤੇ ਆਊਟ ਕਰ ਦਿੱਤਾ ਸੀ।