ਦੱਖਣੀ ਆਕਲੈਂਡ ‘ਚ ਕੁਦਰਤ ਦਾ ਕਹਿਰ, ਜ਼ਬਰਦਸਤ ਤੂਫ਼ਾਨ ਨੇ ਮਚਾਈ ਤਬਾਹੀ

Rapid storm in Auckland

ਦੱਖਣੀ ਆਕਲੈਂਡ ਦੇ ਵਿੱਚ ਅੱਜ ਸਵੇਰੇ ਆਏ ਤੂਫ਼ਾਨੀ ਝੱਖੜ ਨੇ ਸਮੁੱਚੀ ਮਨੁੱਖੀ ਜ਼ਿੰਦਗੀ ਨੂੰ ਇੱਕ ਵਾਰ ਲੀਹੋਂ ਲਾਹ ਸੁੱਟਿਆ। ਤੇਜ਼ ਹਨੇਰੀ ਨੇ ਬੱਤੀ ਗੁੱਲ ਕਰ ਦਿੱਤੀ ਅਤੇ ਸੈਂਕੜੇ ਦਰੱਖਤਾਂ ਨੂੰ ਜੜ੍ਹ ਤੋਂ ਪੱਟ ਕੇ ਧਰਤੀ ਕੇ ਸੁੱਟ ਦਿੱਤਾ। ਉੱਥੇ ਹੀ ਦਰਖਤਾਂ ਦੇ ਡਿੱਗਣ ਕਰਕੇ ਕਈ ਸੜਕਾਂ ਬੰਦ ਹੋ ਗਈਆਂ ਤੇ ਸਫ਼ਰ ਕਰਨ ਵਾਲੇ ਰਾਹਗ਼ੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟੋਰਨੇਡੋ ਦੇ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦੇ ਰਿਹਾ ਹੈ।

ਇਸ ਤੂਫ਼ਾਨ ਦੌਰਾਨ ਇੱਕਲੇ ਦਰਖਤ ਹੀ ਨਹੀਂ ਸਗੋਂ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ ਅਤੇ ਬਿਜਲੀ ਦੀਆਂ ਲਾਈਨਾਂ ਵੀ ਧਰਤੀ ‘ਤੇ ਆ ਗਈਆਂ ਹਨ। ਇਸ ਤੋਂ ਇਲਾਵਾ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਟਰੱਕ ਵੀ ਪਲਟਿਆ ਹੋਇਆ ਨਜ਼ਰ ਆ ਰਿਹਾ ਹੈ। ਉਸਾਰੀ ਅਧੀਨ ਇੱਕ ਘਰ ਤਬਾਹ ਹੋ ਗਿਆ ਹੈ ਅਤੇ ਮਕਾਨਾਂ ਦੀਆਂ ਛੱਤਾਂ ਵੀ ਇਸ ਤੂਫ਼ਾਨ ਨੇ ਉਡਾ ਦਿੱਤੀਆਂ ਹਨ। ਹਵਾ ਦਾ ਜ਼ੋਰ ਇੰਨਾ ਜ਼ਬਰਦਸਤ ਸੀ ਕਿ ਉਸਨੇ ਲੋਹੇ ਦੀ ਵਾੜ ਨੂੰ ਵੀ ਮਰੋੜ ਦਿੱਤਾ। ਆਕਲੈਂਡ ਟ੍ਰਾਂਸਪੋਰਟ ਅਨੁਸਾਰ ਪੂਰਬੀ ਅਤੇ ਦੱਖਣੀ ਦੋਵਾਂ ਰੇਲਵੇ ਲਾਈਨਾਂ ‘ਤੇ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਆਕਲੈਂਡ ਪੋਰਟ ‘ਤੇ ਤਾਂ ਤੂਫਾਨੀ ਹਵਾਵਾਂ ਕਾਰਨ ਕੰਟੈਨਰਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਕੁੱਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਇੱਥੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ ਜਦਕਿ 2 ਵਿਅਕਤੀ ਗੰਭੀਰ ਜਖਮੀ ਦੱਸੇ ਜਾ ਰਹੇ ਹਨ। ਤੂਫ਼ਾਨੀ ਝੱਖੜ ਕਾਰਨ ਕਿੰਨਾ ਨੁਕਸਾਨ ਹੋਇਆ ਅਜੇ ਇਸ ਸਬੰਧੀ ਕੋਈ ਹਿਸਾਬ ਕਿਤਾਬ ਨਹੀਂ ਹੈ।

ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ 20 ਤੋਂ ਜ਼ਿਆਦਾ ਅਮਲੇ ਜਾਇਦਾਦ ਦੇ ਨੁਕਸਾਨ ਨਾਲ ਸਬੰਧਿਤ ਸੈਂਕੜੇ ਫੋਨ ਕਾਲਾਂ ਦੇ ਜਵਾਬ ਦੇ ਰਹੇ ਹਨ। ਸਿਵਲ ਡਿਫੈਂਸ ਨੇ ਵਸਨੀਕਾਂ ਨੂੰ ਅਧਿਕਾਰੀਆਂ ਦੀ ਸਲਾਹ ‘ਤੇ ਚੱਲਣ, ਬਿਜਲੀ ਦੀਆਂ ਹੇਠਾਂ ਡਿੱਗੀਆਂ ਲਾਈਨਾਂ ਤੋਂ ਦੂਰ ਰਹਿਣ, ਆਪਣੇ ਗੁਆਂਢੀਆਂ ਦੀ ਜਾਂਚ ਕਰਨ ਅਤੇ ਜੇ ਉਨ੍ਹਾਂ ਨੂੰ ਕੋਈ ਖ਼ਤਰਾ ਹੈ ਤਾਂ 111’ ਤੇ ਕਾਲ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *