ਵੀਰਵਾਰ 9 ਦਸੰਬਰ ਨੂੰ ਇਤਿਹਾਸਕ ਮੋਰਚਾ ਫਤਿਹ ਕਰਨ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਬਾਰਡਰਾਂ ‘ਤੇ ਅੰਦਲੋਨ ਵਿੱਚ ਇੱਕ ਸਾਲ ਤੋਂ ਜਿਆਦਾ ਸਮੇਂ ਲਈ ਡਟੇ ਕਿਸਾਨਾਂ ਲਈ ਇਹ ਇੱਕ ਵੱਡੀ ਜਿੱਤ ਹੈ। ਉੱਥੇ ਹੀ ਹੁਣ ਪਿੰਡਾਂ ਸਣੇ ਪੂਰੇ ਪੰਜਾਬ ਦੇ ਲੋਕ ਫੁੱਲਾਂ ਦੀ ਵਰਖਾ ਕਰਨ ਨੂੰ ਤਿਆਰ ਖੜ੍ਹੇ ਹਨ। ਸਰਕਾਰ ਵੱਲੋਂ ਭੇਜੇ ਡਰਾਫਟ ‘ਤੇ ਸਹਿਮਤੀ ਬਣਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਵੀਰਵਾਰ ਨੂੰ ਸਿੰਘੂ ਬਾਰਡਰ ‘ਤੇ ਅਹਿਮ ਮੀਟਿੰਗ ਕੀਤੀ ਸੀ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ। ਯਾਨੀ ਕਿ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ 11 ਦਸੰਬਰ ਨੂੰ ਸਵੇਰੇ 9 ਵਜੇ ਘਰ ਵਾਪਸੀ ਕੀਤੀ ਜਾਵੇਗੀ। ਵੀਰਵਾਰ ਨੂੰ ਕਿਸਾਨਾਂ ਵੱਲੋਂ 9 ਦਸੰਬਰ ਨੂੰ ਹੀ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ ਤੋਂ ‘ਫਤਿਹ ਅਰਦਾਸ’ ਕੀਤੀ ਗਈ ਹੈ। ਹੁਣ 11 ਦਸੰਬਰ ਨੂੰ ਦਿੱਲੀ ਦੇ ਬਾਰਡਰਾਂ ਤੋਂ ਸਵੇਰੇ 9 ਵਜੇ ਕਿਸਾਨ ਆਪਣੇ ਘਰਾਂ ਨੂੰ ਵਾਪਸੀ ਕਰਨਗੇ। 13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕਰਨਗੇ ਤੇ 15 ਦਸੰਬਰ ਨੂੰ ਪੰਜਾਬ ਵਿੱਚ ਜਾਰੀ ਸਾਰੇ ਮੋਰਚੇ ਸਮਾਪਤ ਕਰ ਦਿੱਤੇ ਜਾਣਗੇ।
ਪੰਜ ਮੈਂਬਰੀ ਕਮੇਟੀ ਦੇ ਆਗੂ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਦਿੱਲੀ ਮੋਰਚੇ ਤੋਂ ਵਾਪਸੀ ਬਾਅਦ 13 ਦਸੰਬਰ ਨੂੰ ਕਿਸਾਨ ਦਰਬਾਰ ਸਾਹਿਬ ਨਤਮਸਤਕ ਹੋਣਗੇ। ਸੰਯੁਕਤ ਕਿਸਾਨ ਮੋਰਚਾ (SKM) ਅਗਲੀ ਮੀਟਿੰਗ 15 ਜਨਵਰੀ ਨੂੰ ਕਰੇਗਾ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਖੁਸ਼ੀ ਦੀ ਦਿਨ ਕਿਸਾਨ ਵੱਡੀ ਜਿੱਤ ਲੈ ਕੇ ਆਪਣੇ ਘਰ ਵਾਪਿਸ ਜਾ ਰਹੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸਾਨ ਅੰਦੋਲਨ ਖਤਮ ਨਹੀਂ ਬਲਕਿ ਮੁਅੱਤਲ ਕੀਤਾ ਗਿਆ ਹੈ। ਸੰਘਰਸ਼ ਪ੍ਰਤੀ ਸੰਕੁਯਤ ਕਿਸਾਨ ਮੋਰਚਾ 15 ਜਨਵਰੀ ਨੂੰ ਆਪਣੀ ਮੀਟਿੰਗ ਕਰੇਗਾ। ਉਨ੍ਹਾਂ ਨੇ ਅੰਦੋਲਨ ਵਿੱਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਦਿੱਲੀ ਬਾਰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੋਰਚੇ ਨਾਲ ਕਿਸਾਨਾਂ ਦਾ ਕੱਦ ਹੋਰ ਵੀ ਉੱਚਾ ਹੋਇਆ ਹੈ।