ਸੁਤੰਤਰ ਭਾਰਤ ਦੇ ਸਭ ਤੋਂ ਵੱਡੇ ਖਿਡਾਰੀਆਂ ਵਿੱਚੋਂ ਇੱਕ, ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਪੂਰੇ ਰਾਜ ਸਨਮਾਨਾਂ ਨਾਲ ਕੀਤਾ ਗਿਆ ਹੈ। ਫਲਾਇੰਗ ਸਿੱਖ ਮਿਲਖਾ ਸਿੰਘ ਇੱਕ ਮਹੀਨੇ ਤੱਕ ਕੋਰੋਨਾ ਨਾਲ ਲੜਨ ਤੋਂ ਬਾਅਦ ਜ਼ਿੰਦਗੀ ਦੀ ਦੌੜ ਹਾਰ ਗਏ ਸਨ। ਬੀਤੀ ਰਾਤ ਉਨ੍ਹਾਂ ਦਾ PGI ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਸੀ। ਪੰਜਾਬ ਸਰਕਾਰ ਨੇ ਮਿਲਖਾ ਸਿੰਘ ਦੀ ਮੌਤ ‘ਤੇ ਇੱਕ ਰੋਜ਼ਾ ਰਾਜ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਵੀਟ ਕੀਤਾ, “ਮੈਂ ਨਿਰਦੇਸ਼ ਦਿੱਤਾ ਹੈ ਕਿ ਮਰਹੂਮ ਮਿਲਖਾ ਸਿੰਘ ਜੀ ਦਾ ਅੰਤਿਮ ਸੰਸਕਾਰ ਪੂਰੇ ਰਾਜ ਸਨਮਾਨਾਂ ਨਾਲ ਕੀਤੇ ਜਾਵੇਗਾ।” ਉਨ੍ਹਾਂ ਨੇ ਲਿਖਿਆ, “ਇਸ ਦੇ ਨਾਲ, ਇਸ ਮਹਾਨ ਖਿਡਾਰੀ ਦੇ ਸਨਮਾਨ ਦੇ ਪ੍ਰਤੀ, ਪੰਜਾਬ ਵਿੱਚ ਇੱਕ ਦਿਨ ਦਾ ਰਾਜ ਸੋਗ ਰਹੇਗਾ।”
ਇਸ ਹਫਤੇ ਹੀ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਸੀ, ਮਿਲਖਾ ਸਿੰਘ ਨੇ 91 ਵੇਂ ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ, ਜਦਕਿ ਨਿਰਮਲ ਮਿਲਖਾ ਸਿੰਘ 85 ਸਾਲਾਂ ਦੇ ਸਨ। ਮਿਲਖਾ ਸਿੰਘ ਹਾਲ ਹੀ ਵਿੱਚ ਕੋਰੋਨਾ ਨੈਗੇਟਿਵ ਹੋ ਗਏ ਸੀ, ਪਰ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ। ਇਸ ਹਫ਼ਤੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਮਿਲਖਾ ਸਿੰਘ ਆਪਣੀ ਪਤਨੀ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਿਲ ਨਹੀਂ ਹੋ ਸਕੇ ਸੀ ਕਿਉਂਕਿ ਉਹ ਖ਼ੁਦ ਆਈਸੀਯੂ ਵਿੱਚ ਦਾਖਲ ਸਨ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, “ਅਸੀਂ ਇੱਕ ਮਹਾਨ ਖਿਡਾਰੀ ਗੁਆ ਚੁੱਕੇ ਹਾਂ। ਮਿਲਖਾ ਸਿੰਘ ਭਾਰਤੀਆਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਸੀ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਸ਼ਖਸੀਅਤ ਤੋਂ ਪ੍ਰੇਰਿਤ ਕੀਤਾ। ਉਨ੍ਹਾਂ ਦੇ ਦੇਹਾਂਤ ਤੋਂ ਮੈਂ ਬਹੁਤ ਦੁਖੀ ਹਾਂ।” ਉਨ੍ਹਾਂ ਦੇ ਜਾਣ ਕਾਰਨ ਨਾ ਸਿਰਫ ਖੇਡ ਜਗਤ ਬਲਕਿ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਲਖਾ ਸਿੰਘ ਦੇ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਫ਼ਿਲਮੀ ਪਰਦੇ ‘ਤੇ ਪੇਸ਼ ਕਰਨ ਵਾਲੇ ਅਭਿਨੇਤਾ ਫ਼ਰਹਾਨ ਅਖ਼ਤਰ ਨੇ ਮਿਲਖਾ ਸਿੰਘ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਹੈ।