ਕੋਰੋਨਾ ਕਾਰਨ ਭਾਰਤ ਤੋਂ ਨਿਊਜ਼ੀਲੈਂਡ ਵਾਪਿਸ ਨਾ ਜਾ ਸਕਣ ਵਾਲੇ ਨੌਜਵਾਨਾਂ ਨੇ ਮਸਲੇ ਦੇ ਹੱਲ ਲਈ SGPC ਪ੍ਰਧਾਨ ਨਾਲ ਕੀਤੀ ਮੁਲਾਕਤ

youths unable to return to new zealand

ਕੋਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤ ਆਏ ਸੀ, ਪਰ ਪਾਬੰਦੀਆਂ ਲੱਗਣ ਕਾਰਨ ਉਹ ਵਾਪਿਸ ਨਿਊਜ਼ੀਲੈਂਡ ਨਹੀਂ ਜਾ ਸਕੇ। ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨੀ ਨੌਜਵਾਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਮਸਲੇ ਦੇ ਹੱਲ ਲਈ ਸਹਿਯੋਗ ਦੀ ਅਪੀਲ ਕੀਤੀ ਹੈ। ਇਸ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਜ਼ੀਲੈਂਡ ਦੀ ਸਿੱਖ ਸੰਸਥਾ ‘ਸਿੱਖ ਸੁਪਰੀਮ ਸੁਸਾਇਟੀ ਆਕਲੈਂਡ’ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨਾਲ ਜਿੱਥੇ ਫੋਨ ’ਤੇ ਗੱਲਬਾਤ ਕਰਕੇ ਮਸਲਾ ਹੱਲ ਕਰਨ ਲਈ ਕਿਹਾ, ਉਥੇ ਹੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਲਿਖਿਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਨ ਵਾਲੇ ਨਿਊਜ਼ੀਲੈਂਡ ਨਾਲ ਸਬੰਧਿਤ ਇਨ੍ਹਾਂ ਸਿੱਖ ਨੌਜਵਾਨਾਂ ਨੇ ਦੱਸਿਆ ਕਿ ਕੋਰੋਨਾ ਕਰਕੇ 800 ਦੇ ਕਰੀਬ ਪੰਜਾਬੀ ਵਾਪਿਸ ਨਿਊਜ਼ੀਲੈਂਡ ਨਾ ਜਾ ਸਕਣ ਕਰਕੇ ਪ੍ਰੇਸ਼ਾਨ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਪਰਿਵਾਰਕ ਮੈਂਬਰ ਵੀ ਉਥੇ ਹਨ। ਕੋਰੋਨਾ ਪਾਬੰਦੀਆਂ ਕਰਕੇ ਬੀਤੇ ਕਰੀਬ 2 ਸਾਲ ਤੋਂ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਅਤੇ ਇਸ ਦੌਰਾਨ ਬਹੁਤਿਆਂ ਦੀ ਵੀਜ਼ਾ ਮਿਆਦ ਵੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਉਹ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਿਊਜ਼ੀਲੈਂਡ ਵਿੱਚ ਰਹਿੰਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਇਨ੍ਹਾਂ ਸਿੱਖ ਨੌਜਵਾਨਾਂ ਦੀ ਗੱਲਬਾਤ ਮਗਰੋਂ ਨਿਊਜ਼ੀਲੈਂਡ ਦੀ ਵੱਡੀ ਸਿੱਖ ਸੰਸਥਾ ਵਜੋਂ ਕਾਰਜਸ਼ੀਲ ਸੁਪਰੀਮ ਸਿੱਖ ਸੁਸਾਇਟੀ ਨਾਲ ਰਾਬਤਾ ਬਣਾਉਂਦਿਆਂ ਪੀੜ੍ਹਤਾਂ ਦੀ ਮੱਦਦ ਲਈ ਕਿਹਾ। ਗੱਲਬਾਤ ਦੌਰਾਨ ਐਡਵੋਕੇਟ ਧਾਮੀ ਨੂੰ ਸਿੱਖ ਸੁਪਰੀਮ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਹੱਲ ਲਈ ਉਹ ਸੰਜੀਦਾ ਹਨ ਅਤੇ ਯਤਨ ਕਰ ਰਹੇ ਹਨ ਕਿ ਭਾਰਤ ਗਏ ਇਨ੍ਹਾਂ ਨੌਜੁਆਨਾਂ ਦੀ ਜਲਦ ਵਾਪਸੀ ਹੋਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ।

Leave a Reply

Your email address will not be published.